ਨਾਟੋ ਦੀ ਰੂਸ ਨੂੰ ਚਿਤਾਵਨੀ, ਯੂਕ੍ਰੇਨ ਤੋਂ ਤੁਰੰਤ ਹਟਾਏ ਫ਼ੌਜ, ਅੰਤਰਰਾਸ਼ਟਰੀ ਨਿਯਮਾਂ ਦਾ ਕਰੇ ਸਨਮਾਨ
Thursday, Feb 24, 2022 - 06:20 PM (IST)
 
            
            ਇੰਟਰਨੈਸ਼ਨਲ ਡੈਸਕ (ਬਿਊਰੋ): ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਰੂਸ ਨੂੰ ਆਪਣੀ ਮਿਲਟਰੀ ਕਾਰਵਾਈ ਨੂੰ ਰੋਕਦੇ ਹੋਏ ਤੁਰੰਤ ਯੂਕ੍ਰੇਨ ਤੋਂ ਹਟ ਜਾਣਾ ਚਾਹੀਦਾ ਹੈ। ਰੂਸ ਨੂੰ ਅੰਤਰਰਾਸ਼ਟਰੀ ਨਿਯਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਰੂਸ ਦੀ ਨੀਅਤ ਦੁਨੀਆ ਦੇਖ ਰਹੀ ਹੈ।ਉਹ ਯੂਕ੍ਰੇਨ 'ਤੇ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਯੂਕ੍ਰੇਨ 'ਤੇ ਰੂਸ ਦੀ ਕਾਰਵਾਈ ਨੂੰ ਗੈਰ-ਵਾਜਬ ਅਤੇ ਗਲਤ ਕਰਾਰ ਦਿੱਤਾ।

ਉੱਤਰੀ ਅਟਲਾਂਟਿਕ ਪਰੀਸ਼ਦ ਦੀ ਇਕ ਅਸਧਾਰਨ ਬੈਠਕ ਦੇ ਬਾਅਦ ਬ੍ਰਸੇਲਸ (ਬੈਲਜੀਅਮ) ਸਥਿਤ ਨਾਟੋ ਹੈੱਡਕੁਆਰਟਰ ਨੇ ਮੀਡੀਆ ਨੂੰ ਸਟੋਲਟੇਨਬਰਗ ਨੇ ਕਿਹਾ ਕਿ ਸਾਡੇ ਕੋਲ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਵਾਲੇ 100 ਤੋ ਵੱਧ ਜੈੱਟ ਅਤੇ ਉੱਤਰ ਤੋਂ ਭੂਮੱਧਸਾਗਰ ਤੱਕ ਸਮੁੰਦਰ ਵਿਚ 120 ਤੋਂ ਵੱਧ ਜੰਗੀ ਜਹਾਜ਼ਾਂ ਦਾ ਬੇੜਾ ਹੈ। ਅਸੀਂ ਆਪਣੇ ਸਹਿਯੋਗੀ ਨੂੰ ਹਮਲੇ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕਾਂਗੇ। ਸਟੋਲਟੇਨਬਰਗ ਨੇ ਅੱਗੇ ਕਿਹਾ ਕਿ ਅਸੀਂ ਰੂਸ ਨੂੰ ਆਪਣੀ ਮਿਲਟਰੀ ਕਾਰਵਾਈ ਨੂੰ ਤੁਰੰਤ ਰੋਕਣ ਅਤੇ ਯੂਕ੍ਰੇਨ ਸਮੇਤ ਉਸ ਦੇ ਆਲੇ-ਦੁਆਲੇ ਤੋਂ ਆਪਣੇ ਸਾਰੇ ਬਲਾਂ ਨੂੰ ਵਾਪਸ ਲੈਣ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਯੂਕ੍ਰੇਨ ਦੀ ਹਵਾਈ ਰੱਖਿਆ ਸੰਪਤੀ ਨਸ਼ਟ ਕੀਤੀ, ਭਾਰਤੀ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ
ਉਹਨਾਂ ਨੇ ਦੱਸਿਆ ਕਿ ਅੱਜ ਅਸੀਂ ਵਾਸ਼ਿੰਗਟਨ ਸੰਧੀ ਦੀ ਧਾਰਾ 4 ਦੇ ਤਹਿਤ ਸਲਾਹ ਮਸ਼ਵਰਾ ਕੀਤਾ ਹੈ। ਇਸ ਦੌਰਾਨ ਆਪਣੇ ਸਹਿਯੋਗੀਆਂ ਦੀ ਰੱਖਿਆ ਕਰਨ ਲਈ ਬਚਾਅ ਦੀ ਯੋਜਨਾ ਬਣਾਈ ਹੈ ਤਾਂ ਜੋ ਗਠਜੋੜ ਦੀ ਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਵਾਧੂ ਕਦਮ ਚੁੱਕੇ ਜਾ ਸਕਣ। ਨਾਟੋ ਦੇ ਜਨਰਲ ਸਕੱਤਰ ਨੇ ਰੂਸ ਤੋਂ ਅੰਤਰ ਰਾਸ਼ਟਰੀ ਮਨੁੱਖੀ ਕਾਨੂੰਨਾਂ ਦਾ ਪੂਰੀ ਤਰ੍ਹਾਂ ਸਨਮਾਨ ਕਰਨ ਅਤੇ ਸਾਰੇ ਲੋੜਵੰਦਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਤੱਕ ਜ਼ਰੂਰੀ ਮਦਦ ਪਹੁੰਚਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਉੱਧਰ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਹੋਸਟੋਮੇਲ ਹਵਾਈ ਅੱਡੇ 'ਤੇ ਰੂਸ ਨੇ ਵੱਡਾ ਹਮਲਾ ਬੋਲ ਦਿੱਤਾ ਹੈ।ਯੂਕਰੇਨ ਦੇ ਦਾਅਵੇ ਮੁਤਾਬਕ ਹੁਣ ਤੱਕ 40 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            