ਨਾਟੋ ਵਲੋਂ ਸਮੁੰਦਰ ਹੇਠਾਂ ਵਿਛਾਈਆਂ ਪਾਈਪਲਾਈਨਾਂ ਅਤੇ ਤਾਰਾਂ ਦੀ ਸੁਰੱਖਿਆ ਦੀ ਕਵਾਇਦ ਤੇਜ਼
Sunday, Jun 18, 2023 - 06:09 PM (IST)
 
            
            ਬ੍ਰਸਲਜ਼, (ਭਾਸ਼ਾ)- ਉੱਤਰ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਨੇ ਸਮੁੰਦਰ ਹੇਠਾਂ ਵਿਛਾਈਆਂ ਗਈਆਂ ਪਾਈਪਲਾਈਨਾਂ ਅਤੇ ਤਾਰਾਂ ਦੀ ਸੁਰੱਖਿਆ ਲਈ ਇਕ ਨਵਾਂ ਕੇਂਦਰ ਸਥਾਪਿਤ ਕੀਤਾ ਹੈ। ਨਾਟੋ ਨੇ ਨਾਰਡ ਸਟ੍ਰੀਮ ਪਾਈਪਲਾਈਨ ’ਤੇ ਹੋਏ ਹਮਲੇ ’ਚ ਰੂਸ ਵਲੋਂ ਯੂਰਪ ਦੇ ਸਮੁੰਦਰੀ ਖੇਤਰ ’ਚ ਪੱਛਮੀਂ ਦੇਸ਼ਾਂ ਦੇ ਊਰਜਾ ਅਤੇ ਇੰਟਰਨੈੱਟ ਸੇਵਾ ਨਾਲ ਜੁੜੇ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਮਾਨਚਿੱਤਰਣ ਕਰਨ ਸਬੰਧੀ ਚਿੰਤਾਵਾਂ ਵਿਚਾਲੇ ਇਹ ਕਦਮ ਉਠਾਇਆ ਹੈ।
ਨਾਟੋ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਲੋਂ ਉੱਤਰ-ਪੱਛਮ ਲੰਡਨ ਦੇ ਨਾਰਥਵੁੱਡ ’ਚ ਇਸ ਨਵੇਂ ਕੇਂਦਰ ਦੀ ਸਥਾਪਨਾ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕੇਂਦਰ ਦੇ ਮੁਖੀ ਲੈਫਟੀਨੈਂਟ ਜਨਰਲ ਹੈਂਸ ਵਰਨਲ ਵਿਯਨਮਨ ਨੇ ਕਿਹਾ,‘‘ਖਤਰਾ ਲਗਾਤਰਾ ਵਧ ਰਿਹਾ ਹੈ।’’ ਬ੍ਰਸਲਜ਼ ਸਥਿਤ ਨਾਟੋ ਹੈੱਡਕੁਆਰਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰੂਸੀ ਜਹਾਜ਼ਾਂ ਨੇ ਸਮੁੰਦਰ ਹੇਠਾਂ ਮੌਜੂਦ ਸਾਡੇ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਸਰਗਰਮ ਤੌਰ ’ਚੇ ਮਾਨਚਿਤਰਣ ਕੀਤਾ ਹੈ। ਇਸ ਗੱਲ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਕਿ ਪੱਛਮੀਂ ਦੇਸ਼ਾਂ ’ਚ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਰੂਸ ਸਮੁੰਦਰ ਹੇਠਾਂ ਵਿਛਾਈਆਂ ਗਈਆਂ ਪਾਈਲਾਈਨਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਨਾਟੋ ਪਿਛਲੇ ਸਾਲ ਸਤੰਬਰ ’ਚ ਬਾਲਟਿਕ ਸਾਗਰ ’ਚ ਸਥਿਤ 2 ਗੈਸ ਪਾਈਪਲਾਈਨਾਂ (ਨਾਰਡ ਸਟ੍ਰੀਮ-1 ਅਤੇ ਨਾਰਡ ਸਟ੍ਰੀਮ-2) ’ਤੇ ਹਮਲੇ ਤੋਂ ਬਾਅਦ ਹਰਕਤ ’ਚ ਆ ਗਿਆ। ਇਨ੍ਹਾਂ ਦੋਵਾਂ ਪਾਈਪਲਾਈਨਾਂ ਦਾ ਨਿਰਮਾਣ ਜਰਮਨੀ ’ਚ ਰੂਸੀ ਕੁਦਰਤੀ ਗੈਸ ਦੀ ਸਪਲਾਈ ਲਈ ਕੀਤਾ ਗਿਆ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੈ।
ਹਮਲੇ ਲਈ ਅਧਿਕਾਰਤ ਤੌਰ ’ਤੇ ਕਿਸੇ ਨੂੰ ਵੀ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ ਪਰ ਨਾਟੋ ਨੇ ਇਸ ਤੋਂ ਬਾਅਦ ਬਾਲਟਿਕ ਸਾਗਰ ਅਤੇ ਨਾਰਥ ਸੀ ’ਚ ਆਪਣੀ ਫੌਜ ਦੀ ਮੌਜੂਦਗੀ ਵਧਾ ਦਿੱਤਾ ਹੈ। ਉਸਨੇ ਇਲਾਕੇ ’ਚ ਦਰਜਨਾਂ ਜੰਗੀ ਜਹਾਜ਼ਾਂ ਦੇ ਨਾਲ-ਨਾਲ ਨਿਗਰਾਨੀ ਕਰਨ ਵਾਲੇ ਜਹਾਜ਼ ਅਤੇ ਪਾਣੀ ਦੇ ਅੰਦਰ ਉਡਣ ਵਾਲੇ ਡਰੋਨ ਤਾਇਨਾਤ ਕੀਤੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            