ਭਾਰਤੀ ਮੂਲ ਦੀ ਵਿਗਿਆਨੀ ਦੀ ਬਦੌਲਤ ਨਾਸਾ ਨੇ ਰਚਿਆ ਇਤਿਹਾਸ, ਮੰਗਲ ਗ੍ਰਹਿ ''ਤੇ ਉਤਰਿਆ ਰੋਵਰ
Friday, Feb 19, 2021 - 06:03 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸਪੇਸ ਏਜੰਸੀ ਨਾਸਾ ਦੀ ਪੁਲਾੜ ਗੱਡੀ ਧਰਤੀ ਤੋਂ ਟੇਕ ਆਫ ਕਰਨ ਦੇ 7 ਮਹੀਨੇ ਬਾਅਦ ਸ਼ੁੱਕਰਵਾਰ ਨੂੰ ਲਾਲ ਗ੍ਰਹਿ ਦੀ ਸਤਹਿ 'ਤੇ ਉਤਰੀ। ਨਾਸਾ ਦੀ ਕੈਲੀਫੋਰਨੀਆ ਸਥਿਤ ਜੈਟ ਪ੍ਰਪਲਸਨ ਲੈਬੋਰਟਰੀ ਵਿਚ ਪਰਸੇਵਰੇਂਸ (Perseverance) ਨੂੰ ਲਾਲ ਗ੍ਰਹਿ ਦੀ ਸਤਿਹ 'ਤੇ ਉਤਾਰਨ ਵੇਲੇ ਲੋਕਾਂ ਦਾ ਉਤਸਾਹ ਸਿਖਰ 'ਤੇ ਸੀ। ਭਾਰਤੀ ਸਮੇਂ ਮੁਤਾਬਕ ਰਾਤ 2:25 ਮਿੰਟ 'ਤੇ ਇਸ ਮਾਰਸ ਰੋਵਰ ਨੇ ਲਾਲ ਗ੍ਰਹਿ ਦੀ ਸਤਹਿ 'ਤੇ ਸਫਲਤਾਪੂਵਰਕ ਲੈਂਡਿੰਗ ਕੀਤੀ। ਹੁਣ ਤੱਕ ਦੀ ਸਭ ਤੋਂ ਜੋਖਮ ਭਰੀ ਅਤੇ ਇਤਿਹਾਸਿਕ ਲੈਂਡਿੰਗ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਮੰਗਲ ਗ੍ਰਹਿ 'ਤੇ ਕਦੇ ਜੀਵਨ ਸੀ ਜਾਂ ਨਹੀਂ। ਮੁਹਿੰਮ ਦੇ ਤਹਿਤ ਗ੍ਰਹਿ ਤੋਂ ਚੱਟਾਨਾਂ ਦੇ ਟੁੱਕੜੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਇਸ ਸਵਾਲ ਦਾ ਜਵਾਬ ਲੱਭਣ ਵਿਚ ਮਹੱਤਵਪੂਨ ਸਾਬਤ ਹੋ ਸਕਦੇ ਹਨ।
ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਪੁਲਾੜ ਏਜੰਸੀ ਦੀ ਜੈਟ ਪ੍ਰੋਪਲਜਨ ਲੈਬੋਰਟਰੀ ਵਿਚ ਗ੍ਰਾਊਂਡ ਕੰਟਰੋਲਰ ਅਧਿਕਾਰੀਆਂ ਨੇ ਰੋਵਰ 'ਪਰਸੇਵਰੇਂਸ' ਦੇ ਮੰਗਲ ਗ੍ਰਹਿ ਦੀ ਸਤਹਿ 'ਤੇ ਉਤਰਨ ਦੀ ਪੁਸ਼ਟੀ ਦੇ ਬਾਅਦ ਇਸ ਇਤਿਹਾਸਿਕ ਘਟਨਾ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਰਾਹਤ ਦਾ ਸਾਹ ਲਿਆ। ਸਫਲ ਲੈਂਡਿੰਗ ਦੇ ਬਾਰੇ ਵਿਚ ਧਰਤੀ ਤੱਕ ਸਿਗਨਲ ਪਹੁੰਚਣ ਵਿਚ ਸਾਢੇ 11 ਮਿੰਟ ਦਾ ਸਮਾਂ ਲੱਗਾ ਅਤੇ ਇਹ ਖ਼ਬਰ ਮਿਲਦੇ ਹੀ ਤਣਾਅ ਦਾ ਮਹੌਲ ਖ਼ਤਮ ਹੋ ਗਿਆ। ਰੋਵਰ ਕੰਟਰੋਲਰ ਸਵਾਤੀ ਮੋਹਨ ਨੇ ਘੋਸ਼ਣਾ ਕੀਤੀ,''ਸਤਹਿ 'ਤੇ ਪਹੁੰਚਣ ਦੀ ਪੁਸ਼ਟੀ ਹੋਈ। ਪਰਸੇਵਰੇਂਸ ਮੰਗਲ ਗ੍ਰਹਿ ਦੀ ਸਤਹਿ 'ਤੇ ਸੁਰੱਖਿਅਤ ਤਰੀਕੇ ਨਾਲ ਪਹੁੰਚ ਚੁੱਕਾ ਹੈ।'' ਪਿਛਲੇ ਇਕ ਹਫਤੇ ਵਿਚ ਮੰਗਲ ਲਈ ਇਹ ਤੀਜੀ ਯਾਤਰਾ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਅਮੀਰਾਤ ਅਤੇ ਚੀਨ ਦੀ ਇਕ-ਇਕ ਗੱਡੀ ਵੀ ਮੰਗਲ ਨੇੜੇ ਦੇ ਪੰਧ ਵਿਚ ਦਾਖਲ ਹੋ ਚੁੱਕੀ ਹੈ।
ਇਸ ਦੀ ਲੈਂਡਿੰਗ ਨਾਲ ਨਾਸਾ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਵਿਚੋਂ ਵਿਸ਼ੇਸ਼ ਰੂਪ ਨਾਲ ਇਕ ਭਾਰਤੀ ਮੂਲ ਦੀ ਵਿਗਿਆਨੀ ਡਾਕਟਰ ਸਵਾਤੀ ਮੋਹਨ ਲਈ ਜ਼ਿਆਦਾ ਉਤਸਾਹ ਦਾ ਪਲ ਸੀ। ਪਰਸੇਵਰੇਂਸ ਰੋਵਰ ਦੇ ਸਫਲਤਾਪੂਰਨਕ ਲੈਂਡਿੰਗ 'ਤੇ ਨਾਸਾ ਦੀ ਇੰਜੀਨੀਅਰ ਡਾਕਟਰ ਸਵਾਤੀ ਮੋਹਨ ਨੇ ਕਿਹਾ,''ਮੰਗਲ ਗ੍ਰਹਿ 'ਤੇ ਟਚਡਾਊਨ ਦੀ ਪੁਸ਼ਟੀ ਹੋ ਗਈ ਹੈ। ਹੁਣ ਇਹ ਜੀਵਨ ਦੇ ਸੰਕੇਤਾਂ ਦੀ ਤਲਾਸ਼ ਸ਼ੁਰੂ ਕਰਨ ਲਈ ਤਿਆਰ ਹੈ।'' ਜਦੋਂ ਸਾਰੀ ਦੁਨੀਆ ਇਸ ਇਤਿਹਾਸਿਕ ਲੈਂਡਿੰਗ ਨੂੰ ਦੇਖ ਰਹੀ ਸੀ ਉਸ ਦੌਰਾਨ ਕੰਟਰੋਲ ਰੂਮ ਵਿਚ ਬਿੰਦੀ ਲਗਾਏ ਸਵਾਤੀ ਮੋਹਨ ਜੀ.ਐੱਨ. ਐਂਡ ਸੀ ਸਬਸਿਸਟਮ ਅਤੇ ਪੂਰੀ ਪ੍ਰਾਜੈਕਟ ਟੀਮ ਨਾਲ ਕੌਰਡੀਨੇਟ ਕਰ ਰਹੀ ਸੀ।
ਜਾਣੋ ਸਵਾਤੀ ਮੋਹਨ ਬਾਰੇ
ਡਾਕਟਰ ਸਵਾਤੀ ਮੋਹਨ ਇਕ ਭਾਰਤੀ-ਅਮਰੀਕੀ ਵਿਗਿਆਨੀ ਹੈ ਜੋ ਵਿਕਾਸ ਪ੍ਰਕਿਰਿਆ ਦੌਰਾਨ ਪ੍ਰਮੁੱਖ ਸਿਸਟਮ ਇੰਜੀਨੀਅਰ ਹੋਣ ਦੇ ਇਲਾਵਾ ਟੀਮ ਦੀ ਦੇਖਭਾਲ ਵੀ ਕਰਦੀ ਹੈ ਅਤੇ ਗਾਈਡੈਂਸ, ਨੇਵੀਗੇਸ਼ਨ ਅਤੇ ਕੰਟਰੋਲ (GN & C) ਲਈ ਮਿਸ਼ਨ ਕੰਟਰੋਲ ਸਟਾਫਿੰਗ ਦਾ ਸ਼ੈਡਿਊਲ ਕਰਦੀ ਹੈ। ਨਾਸਾ ਦੀ ਵਿਗਿਆਨੀ ਡਾਕਟਰ ਸਵਾਤੀ ਉਦੋਂ ਸਿਰਫ ਇਕ ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਅਮਰੀਕਾ ਗਈ ਸੀ। ਉਹਨਾਂ ਨੇ ਆਪਣਾ ਜ਼ਿਆਦਾਤਰ ਬਚਪਨ ਉੱਤਰੀ ਵਰਜੀਨੀਆ-ਵਾਸ਼ਿੰਗਟਨ ਡੀ.ਸੀ. ਮੈਟਰੋ ਖੇਤਰ ਵਿਚ ਬਿਤਾਇਆ। 9 ਸਾਲ ਦੀ ਉਮਰ ਵਿਚ ਉਹਨਾਂ ਨੇ ਪਹਿਲੀ ਵਾਰ 'ਸਟਾਰ ਟ੍ਰੇਕ' ਦੇਖੀ ਜਿਸ ਦੇ ਬਾਅਦ ਉਹ ਬ੍ਰਹਿਮੰਡ ਦੇ ਨਵੇਂ ਖੇਤਰਾਂ ਦੇ ਸੁੰਦਰ ਤਸਵੀਰਾਂ ਤੋਂ ਕਾਫੀ ਪ੍ਰਭਾਵਿਤ ਹੋਈ। ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਅਜਿਹਾ ਕਰਨਾ ਚਾਹੁੰਦੀ ਹੈ ਅਤੇ ਬ੍ਰਹਿਮੰਡ ਵਿਚ ਨਵੇਂ ਅਤੇ ਸੁੰਦਰ ਸਥਾਨ ਲੱਭਣਾ ਚਾਹੁੰਦੀ ਹੈ। 16 ਸਾਲ ਦੀ ਉਮਰ ਤੱਕ ਉਹ ਬਾਲ ਰੋਗ ਮਾਹਰ ਬਣਨਾ ਚਾਹੁੰਦੀ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਪਹਿਲੀ ਵਾਰ ਕਬੂਲਿਆ, ਗਲਵਾਨ ਘਾਟੀ ਦੀ ਝੜਪ 'ਚ ਮਾਰੇ ਗਏ 5 ਸੈਨਿਕ
ਡਾਕਟਰ ਮੋਹਨ ਕਾਰਨੇਲ ਯੂਨੀਵਰਸਿਟੀ ਤੋਂ ਮਕੈਨੀਕਲ ਅਤੇ ਏਅਰੋਸਪੇਸ ਇੰਜੀਨੀਅਰਿੰਗ ਵਿਚ ਵਿਗਿਆਨ ਵਿਚ ਗ੍ਰੈਜੁਏਟ ਹੋਈ ਅਤੇ ਏਅਰੋਨੌਟਿਕਸ/ਐਸਟ੍ਰੋਨੌਟਿਕਸ ਵਿਚ ਐੱਮ.ਆਈ.ਟੀ. ਤੋਂ ਐਮ.ਐੱਸ. ਅਤੇ ਪੀ.ਐੱਚ.ਡੀ. ਦੀ ਡਿਗਰੀ ਪੂਰੀ ਕੀਤੀ। ਸਵਾਤੀ ਪਾਸਾਡੇਨਾ, ਸੀ.ਏ. ਵਿਚ ਨਾਸਾ ਦੇ ਜੈਟ ਪ੍ਰੋਪਲਸ਼ਨ ਲੈਬੋਰਟਰੀ ਵਿਚ ਸ਼ੁਰੂ ਤੋਂ ਹੀ ਮਾਰਸ ਰੋਵਰ ਮਿਸ਼ਨ ਦੀ ਮੈਂਬਰ ਰਹੀ ਹੈ। ਇਸ ਦੇ ਨਾਲ ਹੀ ਸਵਾਤੀ ਨਾਸਾ ਦੇ ਵਿਭਿੰਨ ਮਹੱਤਵਪੂਰਨ ਮਿਸ਼ਨਾਂ ਦੀ ਹਿੱਸਾ ਵੀ ਰਹੀ ਹੈ। ਭਾਰਤੀ-ਅਮਰੀਕੀ ਵਿਗਿਆਨੀ ਨੇ ਕੈਸਿਨੀ (ਸ਼ਨੀ ਲਈ ਇਕ ਮਿਸ਼ਨ) ਅਤੇ ਗ੍ਰੇਲ (ਚੰਨ 'ਤੇ ਪੁਲਾੜ ਗੱਡੀ ਉਡਾਏ ਜਾਣ ਦੀ ਇਕ ਜੋੜੀ) ਪ੍ਰਾਜੈਕਟਾਂ 'ਤੇ ਵੀ ਕੰਮ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਰਾਏ।