ਮੰਗਲ ''ਤੇ ਪ੍ਰਾਚੀਨ ਜੀਵਨ ਦੇ ਨਿਸ਼ਾਨ ਲੱਭੇਗਾ ਨਾਸਾ ਦਾ ਰੋਵਰ

12/28/2019 2:59:35 PM

ਵਾਸ਼ਿੰਗਟਨ— ਅਗਲੇ ਸਾਲ ਮੰਗਲ ਗ੍ਰਹਿ 'ਤੇ ਜਾਣ ਵਾਲਾ ਰੋਵਰ ਨਾ ਸਿਰਫ ਪ੍ਰਾਚੀਨ ਜੀਵਨ ਦੇ ਸੁਰਾਗ ਲੱਭੇਗਾ ਸਗੋਂ ਮਨੁੱਖੀ ਮਿਸ਼ਨਾਂ ਦਾ ਮਾਰਗ ਵੀ ਸਾਫ ਕਰੇਗਾ। ਨਾਸਾ ਵਿਗਿਆਨੀਆਂ ਨੇ ਰੋਵਰ ਬਾਰੇ ਸ਼ੁੱਕਰਵਾਰ ਨੂੰ ਦੱਸਦਿਆਂ ਇਸ ਦਾ ਖੁਲਾਸਾ ਕੀਤਾ। ਇਸ ਰੋਵਰ ਨੂੰ ਲਾਸ ਏਂਜਲਸ ਕੋਲ ਪਾਸਾਡੇਨਾ 'ਚ ਜੈੱਟ ਪ੍ਰਪਲਸ਼ਨ ਲੈਬੋਰੇਟਰੀ ਦੀ ਵਿਸ਼ਾਲ ਕਲਾਸ 'ਚ ਤਿਆਰ ਕੀਤਾ ਗਿਆ, ਜਿੱਥੇ ਇਸ ਦੇ ਡਰਾਈਵਿੰਗ ਉਪਕਰਣ ਦਾ ਪਿਛਲੇ ਹਫਤੇ ਸਫਲ ਪ੍ਰੀਖਣ ਕੀਤਾ ਗਿਆ ਸੀ।

ਇਹ ਰੋਵਰ ਫਲੋਰੀਡਾ ਦੇ ਕੈਪ ਕੇਨਾਵਰਲ ਤੋਂ ਜੁਲਾਈ 2020 ਨੂੰ ਧਰਤੀ ਤੋਂ ਰਵਾਨਾ ਹੋਵੇਗਾ। ਇਸ ਨਾਲ ਇਹ ਮੰਗਲ ਗ੍ਰਹਿ 'ਤੇ ਉਤਰਨ ਵਾਲਾ ਪੰਜਵਾਂ ਅਮਰੀਕੀ ਰੋਵਰ ਬਣ ਜਾਵੇਗਾ। ਮਿਸ਼ਨ ਦੇ ਉਪ ਮੁਖੀ ਮੈਟ ਵੈਲੇਸ ਨੇ ਕਿਹਾ,''ਇਸ ਨੂੰ ਜੀਵਨ ਦੇ ਚਿੰਨ੍ਹਾਂ ਦਾ ਪਤਾ ਲਗਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਲਈ ਅਸੀਂ ਇਸ ਦੇ ਨਾਲ ਵੱਖ-ਵੱਖ ਉਪਕਰਣ ਭੇਜ ਰਹੇ ਹਾਂ ਜੋ ਮੰਗਲ ਦੀ ਸਤ੍ਹਾ 'ਤੇ ਭੂਗੋਲਿਕ ਅਤੇ ਰਸਾਇਣਕ ਸੰਦਰਭਾਂ ਨੂੰ ਸਮਝਣ 'ਚ ਮਦਦ ਕਰਨਗੇ। ਰੋਵਰ 'ਤੇ ਲੱਗੇ ਉਪਕਰਣਾਂ 'ਚ 23 ਕੈਮਰੇ ਹਨ, ਦੋ ਸੁਣਨ ਵਾਲੇ ਯੰਤਰ ਹਨ ਜੋ ਮੰਗਲ ਦੀਆਂ ਹਵਾਵਾਂ ਨੂੰ ਸੁਣਨਗੇ ਅਤੇ ਰਸਾਇਣਕ ਮਾਹਿਰਾਂ ਲਈ ਲੇਜ਼ਰ ਹਨ।