ਅਜੇ ਜੇਲ ਦਾ ਹੋਰ ਦਾਣਾ-ਪਾਣੀ ਖਾਣਗੇ ਨੀਰਵ ਮੋਦੀ, ਅਦਾਲਤ ਨੇ ਪੇਸ਼ੀ ਸਬੰਧੀ ਦਿੱਤੇ ਇਹ ਹੁਕਮ

10/17/2019 5:36:41 PM

ਲੰਡਨ — ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਰੱਖਣ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੁਲਸ ਹਿਰਾਸਤ 'ਚ ਰਹਿ ਰਹੇ ਨੀਰਵ ਮੋਦੀ ਕੇਸ ਦੀ ਨਿਯਮਤ ਸੁਣਵਾਈ ਲਈ ਲੰਡਨ ਦੀ ਜੇਲ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿਚ ਉਸ ਦੀ ਪੇਸ਼ੀ ਕਰਵਾਈ ਗਈ ਸੀ। ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਜੱਜ ਨੀਨਾ ਤੇਮਪਿਆ ਨੇ ਪੁਸ਼ਟੀ ਕੀਤੀ ਕਿ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅਗਲੇ ਸਾਲ 11 ਤੋਂ 15 ਮਈ ਵਿਚਕਾਰ ਹੋਣੀ ਹੈ ਅਤੇ ਉਸ ਨੂੰ ਹਰ 28 ਦਿਨਾਂ 'ਚ 'ਅੰਤਮ ਸਮੀਖਿਆ ਸੁਣਵਾਈ' ਲਈ ਵੀਡੀਓ ਲਿੰਕ ਰਾਹੀਂ ਪੇਸ਼ ਹੋਣਾ ਹੋਏਗਾ ਜਦੋਂ ਤੱਕ ਕਿ ਅਗਲੀ ਫਰਵਰੀ ਤੋਂ ਮੁਕੱਦਮਾ ਸ਼ੁਰੂ ਨਹੀਂ ਹੋ ਜਾਂਦਾ।

ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਕਰਨ ਅਤੇ ਮਨੀ ਲਾਂਡਰਿੰਗ ਦੇ ਦੋਸ਼ 'ਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਸਬੰਧ 'ਚ ਇਹ ਸੁਣਵਾਈ ਚਲ ਰਹੀ ਹੈ। ਨੀਰਵ ਮੋਦੀ ਨੂੰ 19 ਮਾਰਚ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਉਸ ਸਮੇਂ ਤੋਂ ਬਾਅਦ ਮੋਦੀ ਦੱਖਣ-ਪੱਛਮੀ ਲੰਡਨ ਵਿਚ ਵੈਂਡਸਵਰਥ ਜੇਲ ਵਿਚ ਬੰਦ ਹੈ। ਵਕੀਲ ਆਨੰਦ ਦੂਬੇ ਅਤੇ ਬੈਰਿਸਟਰ ਕਲੇਅਰ ਮੋਂਟਗੋਮਰੀ ਦੀ ਅਗਵਾਈ 'ਚ ਉਸਦੀ ਕਾਨੂੰਨੀ ਟੀਮ ਨੇ ਉਸਦੀ ਗ੍ਰਿਫਤਾਰੀ ਦੇ ਬਾਅਦ ਤੋਂ ਚਾਰ ਜ਼ਮਾਨਤ ਪਟੀਸ਼ਨ ਦਾਇਰ ਕੀਤੀਆਂ ਜਿਹੜੀਆਂ ਹਰ ਵਾਰ ਖਾਰਜ ਕਰ ਦਿੱਤੀਆਂ ਗਈਆਂ। ਦਲੀਲ ਦਿੱਤੀ ਕਿ ਮੋਦੀ ਫਰਾਰ ਹੋ ਸਕਦਾ ਹੈ। 


Related News