ਰਿਪੋਰਟ ''ਚ ਦਾਅਵਾ, ਜਲਦ ਹੋ ਸਕਦੀ ਹੈ ਪੀ.ਐੱਮ. ਮੋਦੀ ਅਤੇ ਇਮਰਾਨ ਖਾਨ ਦੀ ਮੁਲਾਕਾਤ

04/07/2021 5:40:21 PM

ਇਸਲਾਮਾਬਾਦ (ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਲ੍ਹਾ ਕਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪੀ.ਐੱਮ. ਇਮਰਾਨ ਖਾਨ ਮੁਲਾਕਾਤ ਕਰ ਸਕਦੇ ਹਨ। ਇਸ ਲਈ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਤਾਂ ਜੋ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਮੁਲਾਕਾਤ ਦਾ ਰਸਤਾ ਬਣ ਸਕੇ। ਬ੍ਰਿਟਿਸ਼ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਪੂਰੀ ਗੱਲਬਾਤ ਨਾਲ ਸਿੱਧੇ ਤੌਰ 'ਤੇ ਜੁੜੇ ਤਿੰਨ ਸੂਤਰਾਂ ਦੇ ਹਵਾਲੇ ਨਾਲ ਇਹ ਵੱਡਾ ਦਾਅਵਾ ਕੀਤਾ ਹੈ।

ਅਖ਼ਬਾਰ ਨੇ ਕਹੀ ਇਹ ਗੱਲ
ਅਖ਼ਬਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਸ਼ਾਂਤੀ ਗੱਲਬਾਤ ਵਿਚ ਸੰਯੁਕਤ ਅਰਬ ਅਮੀਰਾਤ ਮਦਦ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਜਨਰਲ ਬਾਜਵਾ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਲੜਾਈ ਰੋਕਣ ਦਾ ਐਲਾਨ ਕਰੇ। ਅਖ਼ਬਾਰ ਨੇ ਕਿਹਾ ਕਿ ਇਹ ਗੱਲਬਾਤ ਅਜਿਹੇ ਸਮੇਂ 'ਤੇ ਹੋ ਰਹੀ ਹੈ ਜਦੋਂ ਦੋਵੇਂ ਹੀ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੌਰਾਨ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਕਰਨਾ ਹੈ।

ਅਗਲੇ 12 ਮਹੀਨੇ ਵਿਚ ਹੋ ਸਕਦੀ ਹੈ ਮੁਲਾਕਾਤ
ਅਖ਼ਬਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਗੱਲਬਾਤ ਕਥਿਤ ਤੌਰ 'ਤੇ ਯੂ.ਏ.ਈ. ਦੇ ਸ਼ਾਸਕ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਵੱਲੋਂ ਕਰਾਈ ਜਾ ਰਹੀ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਅਦ 25 ਫਰਵਰੀ ਨੂੰ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ 'ਤੇ ਸਹਿਮਤੀ ਹੋਈ ਹੈ। ਅਗਲੇ ਕਦਮ ਦੇ ਤਹਿਤ ਬਾਰਡਰ 'ਤੇ ਵਪਾਰ ਅਤੇ ਕੋਰੋਨਾ ਤੋਂ ਬਚਾਅ ਲਈ ਨਾਲ ਕੰਮ ਕਰ ਸਕਦੇ ਹਨ। ਜੇਕਰ ਇਹ ਸਭ ਕੁਝ ਸਫਲ ਰਿਹਾ ਤਾਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਗਲੇ 12 ਮਹੀਨੇ ਵਿਚ ਮੁਲਾਕਾਤ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਾਲੇ ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਉਡਾਣਾਂ

ਪਰਦੇ ਦੇ ਪਿੱਛੇ ਚੱਲ ਰਹੀ ਇਸ ਗੱਲਬਾਤ ਨਾਲ ਜੁੜੇ ਇਕ ਸੂਤਰ ਨੇ ਕਿਹਾ,''ਮੋਦੀ ਅਤੇ ਇਮਰਾਨ ਖਾਨ ਵਿਚਾਲੇ ਮੁਲਾਕਾਤ ਦੀ ਤਿਆਰੀ ਲਈ ਉੱਚ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।'' ਅਖ਼ਬਾਰ ਨੇ ਕਿਹਾ ਕਿ ਭਾਰਤ ਦੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਦੇ ਬਾਅਦ ਤੋਂ ਹੀ ਜਨਰਲ ਬਾਜਵਾ ਭਾਰਤ ਨਾਲ ਸ਼ਾਂਤੀ 'ਤੇ ਜ਼ੋਰ ਦੇ ਰਹੇ ਹਨ। ਪਿਛਲੇ ਹਫ਼ਤੇ ਪਾਕਿਸਤਾਨ ਨੇ ਭਾਰਤ ਤੋਂ ਖੰਡ ਅਤੇ ਕਪਾਹ ਦੇ ਆਯਾਤ ਦਾ ਐਲਾਨ ਕੀਤਾ ਸੀ ਪਰ ਘਰੇਲੂ ਦਬਾਅ ਦੇ ਅੱਗੇ ਝੁਕਦਿਆਂ ਇਸ ਫ਼ੈਸਲੇ ਨੂੰ ਪਲਟ ਦਿੱਤਾ ਸੀ।

ਖਰਚੀਲੇ ਮਿਲਟਰੀ ਤਣਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਬਾਜਵਾ
ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਨਾਲ ਗੱਲਬਾਤ ਉਦੋਂ ਹੀ ਹੋ ਸਕਦੀ ਹੈ ਜਦੋਂ ਭਾਰਤ ਕਸ਼ਮੀਰ ਵਿਚ ਯਥਾਸਥਿਤੀ ਬਹਾਲ ਕਰੇਗਾ। ਇਸ ਦੌਰਾਨ ਪਾਕਿਸਤਨੀ ਸੈਨਾ ਦੇ ਬੁਲਾਰੇ ਨੇ ਕਿਹਾ ਹੈ ਕਿ ਜਨਰਲ ਬਾਜਵਾ ਦੇ ਸ਼ਾਂਤੀ ਵਾਰਤਾ ਕਰਾਉਣ ਦੀ ਖ਼ਬਰ ਝੂਠ ਹੈ। ਇਸ ਦੌਰਾਨ ਇਕ ਭਾਰਤੀ ਅਧਿਕਾਰੀ ਨੇ ਕਿਹਾ ਹੈ ਕਿ ਗੱਲਬਾਤ ਜਾਰੀ ਹੈ ਅਤੇ ਇਮਰਾਨ ਖਾਨ ਸਰਕਾਰ ਦਾ ਇਹ ਬਿਆਨ ਆਪਣੇ ਇੱਥੇ ਮੌਜੂਦ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਨਰਲ ਬਾਜਵਾ ਭਾਰਤ ਨਾਲ ਜਾਰੀ ਬਹੁਤ ਖਰਚੀਲੇ ਮਿਲਟਰੀ ਤਣਾਅ ਨੂੰ ਖ਼ਤਮ ਕਰਨ ਲਈ ਤੜਫ ਰਹੇ ਹਨ। ਨਾਲ ਹੀ ਉਹ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੇ ਹਨ। ਅਸਲ ਵਿਚ ਪਾਕਿਸਤਾਨ 'ਤੇ ਕਰਜ਼ ਵੱਧਦਾ ਜਾ ਰਿਹਾ ਹੈ ਅਤੇ ਇਮਰਾਨ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਪਾ ਰਹੀ ਹੈ। ਇਸੇ ਦਬਾਅ ਵਿਚ ਹੁਣ ਉਸ ਨੂੰ ਭਾਰਤ ਨਾਲ ਸ਼ਾਂਤੀ ਵਾਰਤਾ ਨੂੰ ਬਹਾਲ ਕਰਨਾ ਪੈ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News