ਸ੍ਰੀ ਨਨਕਾਣਾ ਸਾਹਿਬ 'ਚ ਭੀੜ ਨੂੰ ਉਕਸਾਉਣ ਵਾਲਾ ਇਮਰਾਨ ਚਿਸ਼ਤੀ ਪੁਲਸ ਹਿਰਾਸਤ 'ਚ

Monday, Jan 06, 2020 - 10:27 AM (IST)

ਸ੍ਰੀ ਨਨਕਾਣਾ ਸਾਹਿਬ 'ਚ ਭੀੜ ਨੂੰ ਉਕਸਾਉਣ ਵਾਲਾ ਇਮਰਾਨ ਚਿਸ਼ਤੀ ਪੁਲਸ ਹਿਰਾਸਤ 'ਚ

ਇਸਲਾਮਾਬਾਦ— ਸਾਰੇ ਪਾਸਿਓਂ ਘਿਰਨ ਮਗਰੋਂ ਪਾਕਿਸਤਾਨ ਪੁਲਸ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿਖੇ ਨਾਅਰੇ ਬਾਜ਼ੀ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਇਮਰਾਨ ਚਿਸ਼ਤੀ ਨਾਂ ਦੇ ਇਸ ਵਿਅਕਤੀ ਨੇ ਸ਼ੁੱਕਰਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਵਿਰੁੱਧ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਅਤੇ ਭੀੜ ਨੂੰ ਉਕਸਾ ਕੇ ਗੁਰਦੁਆਰਾ ਸਾਹਿਬ 'ਤੇ ਪਥਰਾਅ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਭੜਕਾ ਕੇ ਕਿਹਾ ਸੀ ਕਿ ਉਹ ਸਿੱਖ ਭਾਈਚਾਰੇ ਨੂੰ ਪਾਕਿਸਤਾਨ 'ਚ ਰਹਿਣ ਨਹੀਂ ਦੇਣਗੇ।ਇਸ ਤੋਂ ਅਗਲੇ ਦਿਨ ਚਿਸ਼ਤੀ ਨੇ ਆਪਣੀ ਗਲਤੀ 'ਤੇ ਮੁਆਫੀ ਵੀ ਮੰਗੀ ਤੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਇਮਰਾਨ ਚਿਸ਼ਤੀ ਨੂੰ ਐਤਵਾਰ ਰਾਤ ਨੂੰ ਹਿਰਾਸਤ 'ਚ ਲਿਆ ਗਿਆ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਸ 'ਤੇ ਕੋਈ ਮਾਮਲਾ ਦਰਜ ਹੋਇਆ ਹੈ ਜਾਂ ਨਹੀਂ। ਚਿਸ਼ਤੀ ਵਲੋਂ ਸਿੱਖ ਭਾਈਚਾਰੇ ਨੂੰ ਧਮਕਾਉਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਉਦੋਂ ਤੋਂ ਹੀ ਭਾਰਤ ਵਲੋਂ ਪਾਕਿਸਤਾਨ 'ਤੇ ਦਬਾਅ ਪਾਇਆ ਜਾ ਰਿਹਾ ਸੀ ਅਤੇ ਪੁੱਛਿਆ ਜਾ ਰਿਹਾ ਸੀ ਕਿ ਉਹ ਇਸ ਮੁੱਦੇ 'ਤੇ ਕੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਚਿਸ਼ਤੀ ਮੁਹੰਮਦ ਅਹਿਸਾਨ ਨਾਂ ਦੇ ਇਕ ਵਿਅਕਤੀ ਦਾ ਭਰਾ ਹੈ, ਜਿਸ 'ਤੇ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਦੀ ਧੀ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਸਨ।


Related News