ਇਟਲੀ 'ਚ ਖਾਲਸਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਪ੍ਰੈਲ ਵਿੱਚ ਸਜਣਗੇ ਵਿਸ਼ਾਲ ਨਗਰ ਕੀਰਤਨ

Saturday, Mar 18, 2023 - 07:30 PM (IST)

ਰੋਮ (ਦਲਵੀਰ ਕੈਂਥ) : ਇਸ ਵੇਲੇ ਇਟਲੀ 'ਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਸੰਗਤਾਂ ਜਿਸ ਉਤਸ਼ਾਹ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੀਆਂ ਹਨ, ਉਹ ਆਪਣੇ-ਆਪ ਵਿੱਚ ਹੀ ਗੁਰੂ ਨੂੰ ਸਮਰਪਿਤ ਵਿਲੱਖਣ ਉਦਾਹਰਣ ਹੈ। ਉਂਝ ਤਾਂ ਸਾਰਾ ਸਾਲ ਇਟਲੀ ਵਿੱਚ ਸਿੱਖ ਧਰਮ ਨਾਲ ਸਬੰਧਤ ਸੰਗਤਾਂ ਵੱਲੋਂ ਨਗਰ ਕੀਰਤਨ ਸਜਦੇ ਰਹਿੰਦੇ ਹਨ ਪਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਆਦਾ ਨਗਰ ਕੀਰਤਨ ਇਟਲੀ ਭਰ ਵਿੱਚ ਸਜਦੇ ਹਨ, ਜਿਨ੍ਹਾਂ 'ਚ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿਨ-ਰਾਤ ਸੇਵਾ ਕਰਦੀਆਂ ਹਨ, ਉੱਥੇ ਹੀ ਸੰਗਤਾਂ ਦਾ ਹਜੂ਼ਮ ਵੀ ਅਲੌਕਿਕ ਨਜ਼ਾਰੇ ਪੇਸ਼ ਕਰਦਾ ਹੈ।

ਇਹ ਵੀ ਪੜ੍ਹੋ : ਫਿਰ ਸੁਰਖੀਆਂ 'ਚ ਆਇਆ ਅਖੌਤੀ ਸੰਤ ਨਿਤਿਆਨੰਦ ਦਾ 'ਕੈਲਾਸਾ', 30 ਅਮਰੀਕੀ ਸ਼ਹਿਰਾਂ 'ਚ ਮਾਰੀ ਠੱਗੀ

ਅਪ੍ਰੈਲ ਮਹੀਨੇ ਇਟਲੀ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਸੰਗਤਾਂ ਅੰਦਰ ਨਵਾਂ ਜੋਸ਼ ਭਰਦੇ ਹਨ। ਇਸ ਵਾਰ 15 ਅਪ੍ਰੈਲ ਨੂੰ ਇਟਲੀ ਦੀ ਧਰਤੀ 'ਤੇ ਸਭ ਤੋਂ ਵੱਡਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਵਿਖੇ ਸਜ ਰਿਹਾ ਹੈ। ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਸ ਵਿੱਚ ਸੰਗਤਾਂ ਸੈਂਕੜਿਆਂ 'ਚ ਨਹੀਂ ਸਗੋਂ ਹਜ਼ਾਰਾਂ ਵਿੱਚ ਨਤਮਸਤਕ ਹੁੰਦੀਆਂ ਹਨ ਤੇ ਉਚੇਚੇ ਤੌਰ 'ਤੇ ਗੁਰੂ ਸਾਹਿਬ ਦੀ ਸਵਾਰੀ 'ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਹੁੰਦੀ ਹੈ। ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਜਿਹੜਾ ਕਿ ਲੰਬਾਰਦੀਆ ਸੂਬੇ ਵਿੱਚ 1999 'ਚ ਇਸ ਇਮਾਰਤ ਵਿੱਚ ਸਥਾਪਤ ਕੀਤਾ ਗਿਆ ਤੇ ਇਸ ਵਾਰ 24ਵਾਂ ਵਿਸ਼ਾਲ ਨਗਰ ਕੀਰਤਨ ਸਜਾ ਰਿਹਾ ਹੈ, ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀਏ ਸੰਗਤਾਂ ਨੂੰ ਸਿੱਖ ਧਰਮ ਦਾ ਲਾਸਾਨੀ ਇਤਿਹਾਸ ਸਰਵਣ ਕਰਵਾਉਣਗੇ।

ਇਹ ਵੀ ਪੜ੍ਹੋ : ਅਜਬ-ਗਜ਼ਬ : ਬੈਠੇ-ਬੈਠੇ, ਗੱਲਾਂ ਕਰਦੇ, ਤੁਰਦੇ-ਫਿਰਦੇ ਸੜਕ ’ਤੇ ਹੀ ਸੌਂ ਜਾਂਦੇ ਹਨ ਇਸ ਪਿੰਡ ਦੇ ਲੋਕ

ਇਸੇ ਤਰ੍ਹਾਂ ਹੀ 16 ਅਪ੍ਰੈਲ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨਿਓ (ਰੋਮ),16 ਅਪ੍ਰੈਲ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਂਤੇਕੁਰੋਨੇ (ਅਲਸਾਂਦਰੀਆ), 22 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) (ਇਹ ਗੁਰਦੁਆਰਾ ਸਾਹਿਬ ਵੀ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਦਾ ਆ ਰਿਹਾ ਹੈ), 22 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਰਾਮਦਾਸ ਕਿਆਂਪੋ (ਵਿਚੈਂਸਾ), 23 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰੋਮ) ਤੇ 30 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਸੀਆਨੋ ਦੀ ਪੋਰਦੀਨੋਨੇ ਵਿਖੇ ਨਗਰ ਕੀਰਤਨ ਸਜ ਰਹੇ ਹਨ, ਜਿਨ੍ਹਾਂ 'ਚ ਸਿੱਖ, ਹਿੰਦੂ, ਇਸਾਈ, ਇਸਲਾਮ ਤੇ ਹੋਰ ਧਰਮਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚਣਗੇ। ਇਟਲੀ 'ਚ ਸਿੱਖ ਧਰਮ ਦੀ ਮਹੱਤਤਾ ਤੇ ਇਸ ਦੇ ਸਿਧਾਂਤਾਂ ਦੀ ਬਾਤਾਂ ਪਾਉਂਦੇ ਇਹ ਨਗਰ ਕੀਰਤਨ ਇਟਾਲੀਅਨ ਭਾਈਚਾਰੇ ਦੀ ਸਿੱਖ ਸਮਾਜ ਪ੍ਰਤੀ ਸੋਚ ਨੂੰ ਨਿਖਾਰਦੇ ਤੇ ਸਤਿਕਾਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News