ਚੀਨ ਤੇ ਮਿਆਂਮਾਰ ਨੇ BRI ਨਾਲ ਜੁੜੇ ਹੋਰ 33 ਸਮਝੌਤਿਆਂ ’ਤੇ ਕੀਤੇ ਦਸਤਖਤ

Sunday, Jan 19, 2020 - 01:15 AM (IST)

ਚੀਨ ਤੇ ਮਿਆਂਮਾਰ ਨੇ BRI ਨਾਲ ਜੁੜੇ ਹੋਰ 33 ਸਮਝੌਤਿਆਂ ’ਤੇ ਕੀਤੇ ਦਸਤਖਤ

ਨੇਪੇਡਾ (ਇੰਟ.)–ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਮਿਆਂਮਾਰ ਦੇ ਆਗੂ ਸਾਨ ਸੂ ਚੀ ਨੇ ਮੁਲਾਕਾਤ ਕਰ ਕੇ ਪੇਈਚਿੰਗ ਅਤੇ ਨੇਪੇਡਾ ਦਰਮਿਆਨ ਅੱਜ ਬੀ. ਆਰ. ਆਈ. ਨਾਲ ਜੁੜੇ ਹੋਰ 33 ਸਮਝੌਤਿਆਂ ’ਤੇ ਦਸਤਖਤ ਕੀਤੇ। ਸ਼ੀ ਦੇ ਦੋ ਦਿਨਾ ਦੌਰੇ ਦੇ ਆਖਰੀ ਦਿਨ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਸੂ ਚੀ ਨੇ ਰੋਹਿੰਗਿਆ ਮੁੱਦੇ ਨੂੰ ਲੈ ਕੇ ਮਿਆਂਮਾਰ ਦੀ ਆਲੋਚਨਾ ਕਰਨ ਵਾਲੇ ਪੱਛਮੀ ਦੇਸ਼ਾਂ ਨੂੰ ਲੰਬੇ ਹੱਥੀਂ ਲਿਆ। ਮਿਆਂਮਾਰ ਦੀ ਫੌਜ ਵਲੋਂ ਕਥਿਤ ਤੌਰ ’ਤੇ ਹਮਲੇ ਕੀਤੇ ਜਾਣ ਦੇ ਬਾਅਦ 7.30 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਭੱਜ ਗਏ ਸਨ, ਜਿਸ ਨਾਲ ਵਿਸ਼ਵ ਪੱਧਰੀ ਸ਼ਰਨਾਰਥੀ ਸੰਕਟ ਸ਼ੁਰੂ ਹੋ ਗਿਆ ਸੀ। ਸ਼ੀ ਅਤੇ ਸੂ ਚੀ ਨੇ 33 ਸਮਝੌਤਿਆਂ ’ਤੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿਚ ਰਾਜਨੀਤੀ, ਵਪਾਰ, ਨਿਵੇਸ਼, ਲੋਕਾਂ ਨਾਲ ਲੋਕਾਂ ਦੇ ਪੱਧਰ ’ਤੇ ਸੰਪਰਕ, ਬੈਲਟ ਐਂਡ ਰੋਡ ਪਹਿਲ (ਬੀ. ਆਰ. ਆਈ.) ਨਾਲ ਜੁੜੇ ਪ੍ਰਾਜੈਕਟਾਂ ਸਬੰਧੀ ਸਮਝੌਤੇ ਸ਼ਾਮਲ ਹਨ। ਰੋਹਿੰਗਿਆ ਮੁਸਲਮਾਨਾਂ ਦੇ ਨਾਲ ਭੈੜੇ ਸਲੂਕ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਆਲੋਚਨਾ ਸਹੇੜਨ ਵਾਲੇ ਮਿਆਂਮਾਰ ਦੇ ਸਮਰਥਨ ਵਿਚ ਚੀਨ ਖੜ੍ਹਾ ਹੋਇਆ ਹੈ। ਬੀ. ਆਰ. ਆਈ. ਚੀਨ ਦੇ ਨਵੇਂ ਵਪਾਰ ਮਾਰਗ ਨੂੰ ਦਰਸਾਉਂਦਾ ਹੈ, ਜਿਸ ਨੂੰ 21ਵੀਂ ਸਦੀ ਦਾ ਰੇਸ਼ਮ ਮਾਰਗ ਕਰਾਰ ਦਿੱਤਾ ਜਾਂਦਾ ਹੈ।


author

Karan Kumar

Content Editor

Related News