ਪਾਕਿ 'ਚ ਦੋ ਹਿੰਦੂ ਵਪਾਰੀਆਂ ਦੀ ਗੋਲੀ ਮਾਰ ਕੇ ਹੱਤਿਆ

01/05/2018 4:44:40 PM

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਰਕਰ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਬਾਈਕ 'ਤੇ ਆਏ ਲੁਟੇਰਿਆਂ ਨੇ ਦੋ ਹਿੰਦੂ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਦੋਵੇਂ ਭਰਾ ਆਪਣੀ ਦੁਕਾਨ ਵਿਚ ਬੈਠੇ ਹੋਏ ਸਨ। ਇਸ ਘਟਨਾ ਦੇ ਬਾਅਦ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਕ ਅੰਗਰੇਜੀ ਅਖਬਾਰ ਮੁਤਾਬਕ ਪੀੜਤਾਂ ਦੀ ਪਛਾਣ ਦਿਲੀਪ ਕੁਮਾਰ ਅਤੇ ਚੰਦਰ ਮਾਹੇਸ਼ਵਰੀ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਭਰਾ ਅਨਾਜ ਵਪਾਰੀ ਸਨ। ਘਟਨਾ ਸਮੇਂ ਉਹ ਜ਼ਿਲੇ ਦੇ ਮੀਠੀ ਇਲਾਕੇ ਦੀ ਮੰਡੀ ਵਿਚ ਆਪਣੀ ਦੁਕਾਨ ਖੋਲ ਰਹੇ ਸਨ। ਪੁਲਸ ਮੁਤਾਬਕ ਸ਼ਹਿਰ ਵਿਚ ਲੁੱਟ ਦੀ ਇਸ ਪਹਿਲੀ ਘਟਨਾ ਵਿਚ ਬਾਈਕ 'ਤੇ ਆਏ ਲੁਟੇਰਿਆਂ ਨੇ ਦੋਹਾਂ ਭਰਾਵਾਂ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਖਬਰ ਮੁਤਾਬਕ ਘਟਨਾ ਦੇ ਬਾਅਦ ਵਿਰੋਧ ਪ੍ਰਦਰਸ਼ਨ ਦੇ ਰੂਪ ਵਿਚ ਕਾਰੋਬਾਰੀਆਂ ਨੇ ਜ਼ਿਲੇ ਦੇ ਹਿੰਦੂ ਬਹੁ ਗਿਣਤੀ ਇਲਾਕਿਆਂ ਵਿਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਲੋਕਾਂ ਨੇ ਮੁੱਖ ਸੜਕਾਂ 'ਤੇ ਧਰਨੇ 'ਤੇ ਬੈਠ ਕੇ ਆਵਾਜਾਈ ਠੱਪ ਕਰ ਦਿੱਤੀ। ਖਬਰ ਮੁਤਾਬਕ ਸਿੰਧ ਦੇ ਗ੍ਰਹਿ ਮੰਤਰੀ ਸੋਹੈਲ ਅਨਵਰ ਸਿਆਲ ਨੇ ਉਮਰਕੋਟ ਦੇ ਸੀਨੀਅਰ ਪੁਲਸ ਅਧਿਕਾਰੀ ਨੂੰ ਹੱਤਿਆਵਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। 


Related News