UN ਦੀ ਅੱਤਵਾਦੀਆਂ ਦੀ ਸੂਚੀ ''ਚ ਸ਼ਾਮਲ ਮੁੱਲਾ ਹਸਨ ਬਣ ਸਕਦਾ ਹੈ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ
Tuesday, Sep 07, 2021 - 10:34 AM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਗਲੀ ਸਰਕਾਰ ਦੇ ਗਠਨ ਦੀ ਤਿਆਰੀ ਤੇਜ਼ ਹੋ ਗਈ ਹੈ। ਪਹਿਲਾਂ ਪਿਛਲੇ ਹਫ਼ਤੇ ਹੀ ਸਰਕਾਰ ਦਾ ਗਠਨ ਕੀਤਾ ਜਾਣਾ ਸੀ ਪਰ ਕਿਸੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਨਵੀਂ ਤਾਲਿਬਾਨ ਸਰਕਾਰ ਦਾ ਗਠਨ ਹੋ ਜਾਵੇਗਾ ਜਾਂ ਫਿਰ ਆਉਣ ਵਾਲੇ ਕੁਝ ਹੋਰ ਦਿਨਾਂ ਵਿਚ ਅਜਿਹਾ ਹੋਣਾ ਤੈਅ ਹੈ। ਮੁੱਲਾ ਹਸਨ ਅਖੁੰਦ ਨੂੰ ਅਫਗਾਨਿਸਤਾਨ ਦਾ ਨਵਾਂ ਪ੍ਰਮੁੱਖ ਬਣਾਇਆ ਜਾ ਸਕਦਾ ਹੈ। ਇਹ ਨਾਮ ਹੈਰਾਨ ਕਰਨ ਵਾਲਾ ਹੈ।ਕਿਉਂਕਿ ਹੁਣ ਤੱਕ ਮੁੱਲਾ ਬਰਾਦਰ ਦੀ ਅਗਵਾਈ ਵਿਚ ਹੀ ਸਰਕਾਰ ਬਣਾਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ।ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਸੰਘ ਦੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਅਤੇ ਤਾਲਿਬਾਨ ਦੇ ਨੇਤਾ ਮੁੱਲਾ ਹਸਨ ਅਖੁੰਦ ਨੂੰ ਅਫਗਾਨਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ।
'ਦੀ ਨਿਊਜ਼' ਦੀ ਰਿਪੋਰਟ ਮੁਤਾਬਕ ਹਿਬਤੁੱਲਾ ਅਖੁੰਜਾਦਾ ਨੇ ਖੁਦ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਰਈਸ-ਏ-ਜਮਹੂਰ, ਰਈਸ-ਉਲ-ਵਜ਼ਾਰਾ ਜਾਂ ਅਫਗਾਨਿਸਤਾਨ ਦੇ ਨਵੇਂ ਪ੍ਰਮੁੱਖ ਦੇ ਰੂਪ ਵਿਚ ਪ੍ਰਸਤਾਵਿਤ ਕੀਤਾ ਹੈ। ਤਾਲਿਬਾਨ ਦੇ ਇਕ ਸੀਨੀਅਰ ਨੇਤਾ ਨੇ 'ਦੀ ਨਿਊਜ਼' ਨੂੰ ਦੱਸਿਆ ਕਿ ਮੁੱਲਾ ਬਰਾਦਰ ਅਖੁੰਦ ਅਤੇ ਮੁੱਲਾ ਅਬਦੁੱਸ ਸਲਾਮ ਉਹਨਾਂ ਦੇ ਡਿਪਟੀ ਦੇ ਰੂਪ ਵਿਚ ਕੰਮ ਕਰਨਗੇ। ਕਈ ਤਾਲਿਬਾਨੀ ਨੇਤਾਵਾਂ ਨਾਲ ਗੱਲ ਕਰਨ ਦੌਰਾਨ ਸਾਰਿਆਂ ਨੇ ਮੁੱਲਾ ਮੁਹੰਮਦ ਹਸਨ ਅਖੁੰਦ ਦੇ ਨਾਮ 'ਤੇ ਸਹਿਮਤੀ ਬਣਾਏ ਜਾਣ ਦਾ ਦਾਅਵਾ ਕੀਤਾ ਹੈ।
ਕੰਧਾਰ ਨਾਲ ਸੰਬਧ ਰੱਖਦਾ ਹੈ ਮੁੱਲਾ ਹਸਨ
ਮੁੱਲਾ ਮੁਹੰਮਦ ਹਸਨ ਅਖੁੰਦ ਮੌਜੂਦਾ ਸਮੇਂ ਵਿਚ ਤਾਲਿਬਾਨ ਦੇ ਸ਼ਕਤੀਸ਼ਾਲੀ ਫ਼ੈਸਲੇ ਲੈਣ ਵਾਲੀ ਬੌਡੀ ਰਹਿਬਾਰੀ ਸ਼ੂਰਾ ਜਾਂ ਅਗਵਾਈ ਪਰੀਸ਼ਦ ਦੇ ਪ੍ਰਮੁੱਖ ਹਨ। ਉਹ ਤਾਲਿਬਾਨ ਦੇ ਜਨਮ ਸਥਾਨ ਕੰਧਾਰ ਨਾਲ ਸਬੰਧਤ ਹਨ ਅਤੇ ਤਾਲਿਬਾਨ ਦੀ ਮੂਵਮੈਂਟ ਦੇ ਸੰਸਥਾਪਕਾਂ ਵਿਚੋਂ ਇਕ ਹਨ। ਉਸ ਨੇ 20 ਸਾਲਾਂ ਤੱਕ ਰਹਿਬਾਰੀ ਸ਼ੂਰਾ ਦੇ ਪ੍ਰਮੁੱਖ ਦੇ ਤੌਰ 'ਤੇ ਕੰਮ ਕੀਤਾ ਅਤੇ ਤਾਲਿਬਾਨ ਦੀ ਲੀਡਰਸ਼ਿਪ ਦੇ ਵਿਚਕਾਰ ਖੁਦ ਦੀ ਬਹੁਤ ਚੰਗੀ ਪ੍ਰਤਿਸ਼ਠਾ ਬਣਾਈ। ਉਹ ਇਕ ਮਿਲਟਰੀ ਪਿੱਠਭੂਮੀ ਦੀ ਬਜਾਏ ਇਕ ਧਾਰਮਿਕ ਆਗੂ ਹਨ ਅਤੇ ਆਪਣੇ ਚਰਿੱਤਰ ਲਈ ਜਾਣੇ ਜਾਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ 'ਤੇ ਤਾਲਿਬਾਨ ਦੇ ਹਮਲੇ ਦੀ ਕੀਤੀ ਨਿੰਦਾ
ਤਾਲਿਬਾਨ ਸਰਕਾਰ ਵਿਚ ਇਹਨਾਂ ਨੂੰ ਦਿੱਤੇ ਸਾ ਸਕਦੇ ਹਨ ਅਹੁਦੇ
ਤਾਲਿਬਾਨ ਨੇ ਇਹ ਵੀ ਕਿਹਾ ਹੈ ਕਿ ਹੱਕਾਨੀ ਨੈੱਟਵਰਕ ਦੇ ਪ੍ਰਮੁੱਖ ਤਾਲਿਬਾਨ ਨੇਤਾ ਸਿਰਾਜੁਦੀਨ ਹੱਕਾਨੀ ਨੂੰ ਸੰਘੀ ਅੰਦਰੂਨੀ ਮੰਤਰੀ ਦੇ ਰੂਪ ਵਿਚ ਪ੍ਰਸਤਾਵਿਤ ਕੀਤਾ ਗਿਆ ਹੈ। ਉਸ ਨੂੰ ਪੂਰਬੀ ਸੂਬਿਆਂ ਲਈ ਰਾਜਪਾਲਾਂ ਨੂੰ ਨਾਮਜ਼ਦ ਕਰਨ ਲਈ ਵੀ ਅਧਿਕਾਰਤ ਕੀਤਾ ਗਿਆ ਹੈ। ਇਹ ਇਲਾਕੇ ਪਕਤੀਆ, ਪਕਤਿਕਾ, ਖੋਸਤ, ਗਾਰਡੇਂਜ, ਨੰਗਰਹਾਰ ਅਤੇ ਕੁਨਾਰ ਹਨ। ਇਸੇ ਤਰ੍ਹਾਂ ਤਾਲਿਬਾਨ ਦੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੇ ਬੇਟੇ ਮੁੱਲਾ ਯਾਕੂਬ ਨੂੰ ਅਫਗਾਨਿਸਤਾਨ ਦਾ ਨਵਾਂ ਰੱਖਿਆ ਮੰਤਰੀ ਬਣਾਇਆ ਗਿਆ ਹੈ। ਮੁੱਲਾ ਯਾਕੂਬ ਆਪਣੇ ਮਦਰਸੇ ਵਿਚ ਸ਼ੇਖ ਹਿਬਤੁੱਲਾਹ ਅਖੁੰਜਾਦਾ ਦਾ ਵਿਦਿਆਰਥੀ ਸੀ।
ਬੁਲਾਰੇ ਦੇ ਤੌਰ 'ਤੇ ਸ਼ਾਮਲ ਹੋਣੇ ਜਬੀਹੁੱਲਾਹ
ਇਸ ਦੇ ਇਲਾਵਾ ਸੂਤਰਾਂ ਮੁਤਾਬਕ ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੂੰ ਪਹਿਲਾਂ ਨਵੇਂ ਸੂਚਨਾ ਮੰਤਰੀ ਦੇ ਤੌਰ 'ਤੇ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਪਰ ਤਾਲਿਬਾਨ ਦੀ ਲੀਡਰਸ਼ਿਪ ਨੇ ਆਪਣਾ ਵਿਚਾਰ ਬਦਲ ਦਿੱਤਾ ਅਤੇ ਉਹਨਾਂ ਨੂੰ ਮੁੱਲਾ ਹਸਨ ਅਖੁੰਦ ਦੇ ਬੁਲਾਰੇ ਦੇ ਤੌਰ 'ਤੇ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ ।ਸੂਤਰਾਂ ਮੁਤਾਬਕ ਮੁੱਲਾ ਅਮੀਰ ਖਾਨ ਮੁਤਾਕੀ ਨੂੰ ਨਵੇਂ ਵਿਦੇਸ਼ ਮੰਤਰੀ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਤਾਲਿਬਾਨ ਦੇ ਸੂਤਰਾਂ ਨੇ ਕਿਹਾ ਕਿ ਕੁਝ ਜ਼ਿੰਮੇਵਾਰੀਆਂ ਨੂੰ ਲੈਕੇ ਕੁਝ ਮਾਮੂਲੀ ਮੁੱਦੇ ਸਨ ਜਿਹਨਾਂ ਨੂੰ ਹੱਲ ਕਰ ਲਿਆ ਗਿਆ ਹੈ।
ਨਵੀਂ ਸਰਕਾਰ ਦੇ ਗਠਨ ਲਈ 6 ਦੇਸ਼ਾਂ ਨੂੰ ਸੱਦਾ
ਤਾਲਿਬਾਨ ਕਾਬੁਲ ਵਿਚ ਸਰਕਾਰ ਦੇ ਗਠਨ ਲਈ ਵੱਡਾ ਸਮਾਰੋਹ ਕਰਨ ਦੀ ਤਿਆਰੀ ਵਿਚ ਹੈ। ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਤਾਲਿਬਾਨ ਨੇ ਚੀਨ ਅਤੇ ਪਾਕਿਸਤਾਨ ਸਮੇਤ 6 ਦੇਸ਼ਾਂ ਨੂੰ ਸੱਦਾ ਭੇਜਿਆ ਹੈ। ਤਾਲਿਬਾਨ ਦਾ ਸੱਦਾ ਪਾਉਣ ਵਾਲਿਆਂ ਵਿਚ ਤੁਰਕੀ, ਕਤਰ, ਰੂਸ ਅਤੇ ਈਰਾਨ ਵੀ ਸ਼ਾਮਲ ਹਨ।