ਮੁੱਲਾ ਬਰਾਦਰ ਦੀ ਆਈ. ਐੱਸ. ਆਈ. ਚੀਫ ਨਾਲ ਮੁਲਾਕਾਤ ’ਤੇ ਤਾਲਿਬਾਨ ਨਾਰਾਜ਼
Tuesday, Sep 07, 2021 - 10:51 AM (IST)
ਇਸਲਾਮਾਬਾਦ (ਭਾਸ਼ਾ)- ਤਾਲਿਬਾਨ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਨੇ ਉਸਦੇ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨਾਲ ਮੁਲਾਕਾਤ ਕੀਤੀ। ਇਸ ਸਮੇਂ ਤਾਲਿਬਾਨ ਅਫਗਾਨਿਸਤਾਨ ਵਿਚ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿਚ ਰੁੱਝਿਆ ਹੈ। ਹਮੀਦ ਪਿਛਲੇ ਹਫਤੇ ਅਚਾਨਕ ਕਾਬੁਲ ਪਹੁੰਚੇ ਅਤੇ ਅਗਸਤ ਮੱਧ ਵਿਚ ਕਾਬੁਲ ਦੀ ਰਾਜਧਾਨੀ ’ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਉਹ ਅਫਗਾਨਿਸਤਾਨ ਪਹੁੰਚਣ ਵਾਲੇ ਇਕਮਾਤਰ ਉੱਚ ਅਹੁਦੇ ਵਾਲੇ ਵਿਦੇਸ਼ੀ ਅਧਿਕਾਰੀ ਹਨ।
ਇਸੇ ਦਰਮਿਆਨ, ਆਈ. ਐੱਸ. ਆਈ. ਚੀਫ ਨਾਲ ਮੁੱਲਾ ਬਰਾਦਰ ਦੀ ਮੁਲਾਕਾਤ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋ ਗਿਆ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਸਕਦਾ ਹੈ। ਖਾਮਾ ਨਿਊਜ਼ ਏਜੰਸੀ ਮੁਤਾਬਕ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਅਫਗਾਨਿਸਤਾਨ ਦੇ ਆਮ ਲੋਕਾਂ ਦਾ ਵੀ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਹੀ ਆਈ. ਐੱਸ. ਆਈ. ਪ੍ਰਮੁੱਖ ਦਾ ਕਾਬੁਲ ਆਉਣਾ ਪਾਕਿਸਤਾਨ ਦੀ ਦਖਲਅੰਦਾਜ਼ੀ ਦਾ ਪ੍ਰਤੱਖ ਸਬੂਤ ਹੈ।
ਪੜ੍ਹੋ ਇਹ ਅਹਿਮ ਖਬਰ - UN ਦੀ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਮੁੱਲਾ ਹਸਨ ਬਣ ਸਕਦਾ ਹੈ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਗਠਨ ਦੀ ਪ੍ਰਕਿਰਿਆ ਦਰਮਿਆਨ ਆਈ. ਐੱਸ. ਆਈ. ਦੇ ਚੀਫ ਨਾਲ ਤਾਲਿਬਾਨ ਦੀ ਇਸ ਮੁਲਾਕਾਤ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਬਣਾਉਣ ਲਈ ਕੁਝ ਹੱਦ ਤੱਕ ਪਾਕਿਸਤਾਨ ਦੀ ਮਰਜ਼ੀ ਚਲ ਸਕਦੀ ਹੈ।
ਅਫਗਾਨਿਸਤਾਨ ’ਚ 40 ਤੋਂ ਜ਼ਿਆਦਾ ਲੁਟੇਰੇ ਅਤੇ ਦੰਗਾਕਾਰੀ ਗ੍ਰਿਫਤਾਰ
ਤਾਲਿਬਾਨ ਨੇ ਅਫਗਾਨਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ 40 ਤੋਂ ਜ਼ਿਆਦਾ ਲੁਟੇਰੇ ਅਤੇ ਦੰਗਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਟੋਲੋ ਨਿਊਜ਼ ਨੇ ਸੰਗਠਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਦੇ ਹਵਾਲੇ ਤੋਂ ਕਿਹਾ ਕਿ ਸਾਰੇ ਮਾਮਲੇ ਪੁਲਸ ਨੂੰ ਸੌਂਪੇ ਗਏ।