ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਤੇ ਹਾਂਗਕਾਂਗ ਦੀ ਸਭ ਤੋਂ ਤੇਜ਼ ਪਰਬਤਾਰੋਹੀ ਮਾਊਂਟ ਐਵਰੈਸਟ ਤੋਂ ਪਰਤੇ ਸੁਰੱਖਿਅਤ

Sunday, May 30, 2021 - 07:10 PM (IST)

ਕਾਠਮੰਡੂ (ਭਾਸ਼ਾ): ਮਾਊਂਟ ਐਵਰੈਸਟ ਫਤਹਿ ਕਰਨ ਵਾਲੇ ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣੇ ਸ਼ਿਕਾਗੋ ਦੇ ਇਕ ਰਿਟਾਇਰ ਵਕੀਲ ਅਤੇ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਦੀ ਸਭ ਤੋਂ ਤੇਜ਼ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣੀ ਹਾਂਗਕਾਂਗ ਦੀ ਇਕ ਅਧਿਆਪਿਕਾ ਐਤਵਾਰ ਨੂੰ ਸੁਰੱਖਿਅਤ ਵਾਪਸ ਪਰਤ ਆਏ। ਦੋਵੇਂ ਮਾਊਂਟ ਐਵਰੈਸਟ ਤੋਂ ਅਜਿਹੇ ਸਮੇਂ ਵਿਚ ਪਰਤੇ ਹਨ ਜਦੋਂ ਚੜ੍ਹਾਈ ਕਰਨ ਵਾਲੇ ਦਲ ਖਰਾਬ ਮੌਸਮ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਨਾਲ ਜੂਝ ਰਹੇ ਹਨ।

ਆਰਥਰ ਮੁਇਰ (75) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਮਾਊਂਟ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ ਅਤੇ ਉਹਨਾਂ ਨੇ ਇਕ ਹੋਰ ਅਮਰੀਕੀ ਬਿਲ ਬੁਰਕੇ ਦਾ ਰਿਕਾਰਡ ਤੋੜ ਦਿੱਤਾ, ਜਿਹਨਾਂ ਨੇ 67 ਸਾਲ ਦੀ ਉਮਰ ਵਿਚ ਚੜ੍ਹਾਈ ਕੀਤੀ ਸੀ। ਹਾਂਗਕਾਂਗ ਦੀ 45 ਸਾਲਾ ਤਸਾਂਗ ਯਿਨ-ਹੁੰਗ 25 ਘੰਟੇ ਅਤੇ 50 ਮਿੰਟ ਵਿਚ ਆਧਾਰ ਕੈਂਪ ਤੋਂ ਮਾਊਂਟ ਐਵਰੈਸਟ ਪਹੁੰਚੀ ਸੀ ਅਤੇ ਉਹ ਇਸ ਪਰਬਤ ਲੜੀ ਦੀ ਸਭ ਤੋਂ ਤੇਜ਼ੀ ਨਾਲ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣ ਗਈ। 10 ਘੰਟੇ ਅਤੇ 56 ਮਿਟ ਵਿਚ ਚੜ੍ਹਾਈ ਕਰਨ ਦਾ ਰਿਕਾਰਡ ਸ਼ੇਰਪਾ ਗਾਈਡ ਲਕਪਾ ਗੇਲੂ ਦੇ ਨਾਮ ਹੈ। ਮੁਇਰ ਨੂੰ 2019 ਵਿਚ ਪਰਬਤਾਰੋਹਨ ਦੇ ਇਕ ਸਮੇਂ ਵਾਪਰੇ ਹਾਦਸੇ ਵਿਚ ਗੋਡੇ ਵਿਚ ਸੱਟ ਲੱਗ ਗਈ ਸੀ ਪਰ ਉਹ ਵੀ ਉਹਨਾਂ ਦੇ ਮਾਊਂਟ ਐਵਰੈਸਟ ਫਤਹਿ ਕਰਨ ਦੇ ਜਜ਼ਬੇ ਨੂੰ ਘੱਟ ਨਾ ਕਰ ਸਕਿਆ। 

ਪੜ੍ਹੋ ਇਹ ਅਹਿਮ ਖਬਰ- ਸ਼ਾਨਦਾਰ! ਨੇਤਰਹੀਣ ਪਰਬਤਾਰੋਹੀ ਨੇ ਫਤਿਹ ਕੀਤਾ ਮਾਊਂਟ ਐਵਰੈਸਟ, ਬਣਿਆ ਵਰਲਡ ਰਿਕਾਰਡ

ਰਿਟਾਇਰ ਵਕੀਲ ਨੇ ਕਿਹਾ ਕਿ ਇਸ ਵਾਰ ਪਰਬਤਾਰੋਹਨ ਦੌਰਾਨ ਉਹ ਡਰੇ ਹੋਏ ਅਤੇ ਚਿੰਤਤ ਸਨ। ਮੁਇਰ ਨੇ ਕਾਠਮੰਡੂ ਵਿਚ ਪੱਤਰਕਾਰਾਂ ਨੂੰ ਕਿਹਾ,''ਤੁਸੀਂ ਸਮਝ ਸਕਦੇ ਹੋ ਕਿ ਕੋਈ ਪਰਬਤ ਕਿੰਨਾ ਵਿਸ਼ਾਲ ਹੁੰਦਾ ਹੈ, ਕਿੰਨਾ ਖਤਰਨਾਕ ਹੁੰਦਾ ਹੈ, ਕਿੰਨੀਆਂ ਚੀਜ਼ਾਂ ਗਲਤ ਹੋ ਸਕਦੀਆਂ ਹਨ। ਇਸ ਨਾਲ ਤੁਸੀਂ ਬੇਚੈਨ ਹੁੰਦੇ ਹੋ ਅਤੇ ਸ਼ਾਇਦ ਥੋੜ੍ਹਾ ਡਰ ਜਾਂਦੇ ਹੋ।'' ਮੁਇਰ ਨੇ ਦੱਖਣੀ ਅਮਰੀਕਾ ਅਤੇ ਅਲਾਸਕਾ ਦੀਆਂ ਯਾਤਰਾਵਾਂ ਕਰਨ ਦੇ ਨਾਲ 68 ਸਾਲ ਦੀ ਉਮਰ ਵਿਚ ਪਰਬਤਾਰੋਹਨ ਸ਼ੁਰੂ ਕੀਤਾ। ਵਿਆਹੁਤਾ ਅਤੇ ਤਿੰਨ ਬਚਿਆਂ ਦੇ ਪਿਤਾ ਮੁਇਰ ਦੇ 6 ਪੋਤੇ-ਪੋਤੀਆਂ ਹਨ। ਉਹਨਾਂ ਦੇ ਪਰਿਵਾਰ ਵਿਚ ਇਕ ਬੱਚੇ ਨੇ ਉਦੋਂ ਜਨਮ ਲਿਆ ਜਦੋਂ ਉਹ ਪਰਬਤ 'ਤੇ ਚੜ੍ਹ ਰਹੇ ਸਨ।

ਉੱਥੇ ਤਸਾਂਗ ਨੇ ਆਧਾਰ ਕੈਂਪ ਦੇ ਵਿਚ ਸਿਰਫ ਦੋ ਠਹਿਰਾਅ ਕੀਤੇ ਅਤੇ 25 ਘੰਟੇ 50 ਮਿੰਟ ਵਿਚ ਸਫਰ ਪੂਰਾ ਕੀਤਾ। ਉਹਨਾਂ ਦੀ ਕਿਸਮਤ ਚੰਗੀ ਰਹੀ ਕਿ ਉਹਨਾਂ ਨੂੰ ਚੜ੍ਹਦੇ ਸਮੇਂ ਕੋਈ ਪਰਬਤਾਰੋਹੀ ਨਹੀਂ ਮਿਲਿਆ ਅਤੇ ਉਹਨਾਂ ਨੂੰ ਅਜਿਹੇ ਹੀ ਪਰਬਤਾਰੋਹੀ ਮਿਲੇ ਜੇ ਵਾਪਸ ਹੇਠਾਂ ਉਤਰ ਰਹੇ ਸਨ। ਇਸ ਨਾਲ ਉਹਨਾਂ ਦੀ ਗਤੀ ਘੱਟ ਨਹੀਂ ਹੋਈ। ਮਾਊਂਟ ਐਵਰੈਸਟ 'ਤੇ ਚੜ੍ਹਾਈ ਦੇ ਅਨੁਕੂਲ ਮੌਸਮ ਵਿਚ ਕੁਝ ਦਿਨ ਬਾਕੀ ਰਹਿ ਗਏ ਹਨ। ਤਸਾਂਗ ਨੇ ਕਿਹਾ,''ਮੈਂ ਰਾਹਤ ਅਤੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਮੈਨੂੰ ਰਿਕਾਰਡ ਤੋੜਨ ਦੀ ਆਸ ਨਹੀਂ ਸੀ। ਮੈਂ ਰਾਹਤ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਆਪਣੇ ਦੋਸਤਾਂ, ਆਪਣੇ ਵਿਦਿਆਰਥੀਆਂ ਨੂੰ ਆਪਣਾ ਕੰਮ ਸਾਬਤ ਕਰ ਸਕਦੀ ਹਾਂ।'' ਉਹਨਾਂ ਨੇ ਇਸ ਤੋਂ ਪਹਿਲਾਂ 11 ਮਈ ਨੂੰ ਪਰਬਤਾਰੋਹਨ ਦੀ ਕੋਸ਼ਿਸ਼ ਕੀਤੀ ਸੀ ਪਰ ਖਰਾਬ ਮੌਸਮ ਕਾਰਨ ਉਹਨਾਂ ਨੂੰ ਮੰਜ਼ਿਲ ਦੇ ਬਹੁਤ ਕਰੀਬ ਜਾ ਕੇ ਵਾਪਸ ਪਰਤਣਾ ਪਿਆ ਸੀ। ਕੋਰੋਨਾ ਵਾਇਰਸ ਨਾਲ ਲੋਕਾਂ ਦੇ ਬੀਮਾਰ ਪੈਣ ਦੀਆਂ ਖ਼ਬਰਾਂ ਦੇ ਬਾਅਦ ਇਸ ਮਹੀਨੇ ਐਵਰੈਸਟ 'ਤੇ ਚੜ੍ਹਾਈ ਕਰਨ ਵਾਲੇ ਤਿੰਨ ਦਲਾਂ ਨੇ ਆਪਣੀ ਮੁਹਿੰਮ ਰੱਦ ਕਰ ਦਿੱਤੀ ਸੀ ਪਰ ਬਾਕੀ ਦੇ 41 ਦਲਾਂ ਨੇ ਮਈ ਵਿਚ ਖ਼ਤਮ ਹੋਣ ਵਾਲੇ ਮੌਸਮ ਤੋਂ ਪਹਿਲਾਂ ਪਰਬਤਾਰੋਹਨ ਦਾ ਫ਼ੈਸਲਾ ਲਿਆ।


Vandana

Content Editor

Related News