ਹੁਣ ਇਟਲੀ ''ਚ ਜੰਮਣ ਵਾਲੇ ਬੱਚਿਆਂ ਦੇ ਨਾਂ ਨਾਲ ਮਾਤਾ ਦਾ ਉਪਨਾਮ ਵੀ ਹੋਵੇਗਾ ਦਰਜ

Saturday, Apr 30, 2022 - 01:47 AM (IST)

ਹੁਣ ਇਟਲੀ ''ਚ ਜੰਮਣ ਵਾਲੇ ਬੱਚਿਆਂ ਦੇ ਨਾਂ ਨਾਲ ਮਾਤਾ ਦਾ ਉਪਨਾਮ ਵੀ ਹੋਵੇਗਾ ਦਰਜ

ਰੋਮ (ਦਲਵੀਰ ਕੈਂਥ)-ਇਨਸਾਨ ਦੀ ਪਛਾਣ ਬਣਾਉਣ ਲਈ ਉਸ ਦੇ ਨਾਂ ਅਤੇ ਉਪਨਾਮ ਬਹੁਤ ਅਹਿਮੀਅਤ ਰੱਖਦੇ ਹਨ। ਉਪਨਾਮ ਤੋਂ ਉਸ ਦੇ ਪਰਿਵਾਰ ਦਾ ਸਹਿਜੇ ਪਤਾ ਲੱਗ ਜਾਂਦਾ ਹੈ। ਭਾਰਤ ਵਿੱਚ ਬਹੁਤ ਘੱਟ ਇਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਪਰ ਵਿਦੇਸ਼ਾਂ ਵਿੱਚ ਖਾਸ ਕਰਕੇ ਇਟਲੀ 'ਚ ਹਰ ਬਾਸ਼ਿੰਦੇ ਦੇ ਨਾਂ ਨਾਲ ਉਪਨਾਮ ਹੋਣਾ ਲਾਜ਼ਮੀ ਹੈ, ਜਿਸ ਦੇ ਕਾਰਨ ਇੱਥੇ ਪ੍ਰਵਾਸੀ ਭਾਰਤੀਆਂ ਨੂੰ ਅਕਸਰ ਉਪਨਾਮ ਨਾ ਹੋਣ ਕਾਰਨ ਭਸੂੜੀ ਪਈ ਰਹਿੰਦੀ ਹੈ। ਇਟਲੀ 'ਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਂ ਨਾਲ ਪਿਤਾ ਦਾ ਉਪਨਾਮ ਲਿਖਾਉਣਾ ਲਾਜ਼ਮੀ ਹੈ, ਬਹੁਤ ਘੱਟ ਕੇਸ ਅਜਿਹੇ ਹੁੰਦੇ ਸਨ, ਜਿੱਥੇ ਕਿ ਮਾਤਾ ਦਾ ਉਪਨਾਮ ਬੱਚੇ ਦੇ ਨਾਂ ਨਾਲ ਲੱਗਦਾ, ਉਹ ਤਦ ਜੇ ਬੱਚੇ ਦੇ ਪਿਤਾ ਨਾਲ ਉਸ ਦੀ ਮਾਤਾ ਦਾ ਕੋਈ ਲੜਾਈ-ਝਗੜਾ ਚੱਲਦਾ ਹੈ, ਨਹੀਂ ਤਾਂ ਜ਼ਿਆਦਾਤਰ ਪਿਤਾ ਦੇ ਉਪਨਾਮ ਨੂੰ ਬੱਚੇ ਦੇ ਨਾਂ ਨਾਲ ਲਿਖਿਆ ਜਾਂਦਾ।

ਇਹ ਵੀ ਪੜ੍ਹੋ : ਸਾਬਕਾ ਅਮਰੀਕੀ ਫ਼ੌਜੀ ਯੂਕ੍ਰੇਨ 'ਚ ਹੋਇਆ ਸ਼ਹੀਦ

ਇਸ ਕਾਨੂੰਨ ਨਾਲ ਹੋਰ ਕਿਸੇ ਨੂੰ ਪ੍ਰੇਸ਼ਾਨੀ ਹੁੰਦੀ ਹੋਵੇ ਜਾਂ ਨਾ ਪਰ ਸਿੱਖ ਪਰਿਵਾਰਾਂ ਨੂੰ ਇਸ ਕਾਨੂੰਨ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਸੀ ਕਿਉਂਕਿ ਜਦੋਂ ਸਿੱਖ ਪਰਿਵਾਰ 'ਚ ਮੁੰਡਾ ਜਨਮ ਲੈਂਦਾ ਹੈ ਤਾਂ ਉਸ ਦੇ ਨਾਂ ਨਾਲ ਉਸ ਦੇ ਪਿਤਾ ਦਾ ਉਪਨਾਮ ਸਿੰਘ ਲੱਗਦਾ ਤੇ ਜਦੋਂ ਕੁੜੀ ਜਨਮ ਲੈਂਦੀ ਤਾਂ ਉਸ ਦੇ ਨਾਂ ਨਾਲ ਉਸ ਦੀ ਮਾਤਾ ਦਾ ਉਪਨਾਮ ਕੌਰ ਲੱਗਦਾ। ਇਟਲੀ ਵਿੱਚ ਬਹੁਤ ਸਾਰੇ ਅਜਿਹੇ ਸਿੱਖ ਪਰਿਵਾਰ ਹਨ, ਜਿਨ੍ਹਾਂ ਨੇ ਇਟਾਲੀਅਨ ਕਾਨੂੰਨ ਕਾਰਨ ਆਪਣੀਆਂ ਕੁੜੀਆਂ ਦੇ ਨਾਂ ਨਾਲ ਪਿਤਾ ਦਾ ਉਪਨਾਮ ਸਿੰਘ ਲਿਖਵਾਇਆ ਮਾਤਾ ਦਾ ਉਪਨਾਮ ਕੌਰ ਨਹੀਂ ਤਾਂ ਜੋ ਇਨ੍ਹਾਂ ਬੱਚੀਆਂ ਨੇ ਜਦੋਂ ਆਪਣੇ ਪਿਤਾ ਨਾਲ ਇਟਲੀ ਦੀ ਨਾਗਰਿਕਤਾ ਲੈਣੀ ਹੋਵੇਗੀ ਤਾਂ ਉਨ੍ਹਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਵਿੱਚ ਪੂਰਾ ਨਾਲ ਹੋਣ ਕਾਰਨ ਨਾਗਰਿਕਤਾ ਵਾਲੀ ਸਹੂਲਤ ਤੋਂ ਵਾਂਝਾ ਨਾ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਇੰਪਰੂਵਮੈਂਟ ਟਰੱਸਟ ਦੇ EO, ਕੈਸ਼ੀਅਰ ਤੇ ਜੂਨੀਅਰ ਸਹਾਇਕ ਸਸਪੈਂਡ

ਇਟਲੀ ਵਿੱਚ ਸਰਕਾਰ ਨੇ ਅਜਿਹੇ ਕਾਨੂੰਨ ਨੂੰ ਹੁਣ ਸਰਲ ਕਰਦਿਆਂ ਇਤਿਹਾਸਕ ਫੈਸਲਾ ਕਰ ਦਿੱਤਾ ਹੈ, ਜਿਸ ਅਨੁਸਾਰ ਹੁਣ ਬੱਚੇ ਦੇ ਨਾਂ ਨਾਲ ਉਸ ਦੇ ਪਿਤਾ ਦੇ ਉਪਨਾਮ ਦੇ ਨਾਲ ਮਾਤਾ ਦਾ ਉਪਨਾਮ ਵੀ ਲਾਜ਼ਮੀ ਲਿਖਿਆ ਜਾਵੇ ਤਾਂ ਜੋ ਸਮਾਨਤਾ ਬਣੀ ਰਹੇ। ਇਸ ਕਾਨੂੰਨ ਨਾਲ ਹੋਰ ਕਿਸੇ ਪ੍ਰਵਾਸੀ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਪਰ ਭਾਰਤੀ ਸਿੱਖ ਪਰਿਵਾਰਾਂ ਲਈ ਇਹ ਕਾਨੂੰਨੀ ਸੋਧ ਬਹੁਤ ਹੀ ਜ਼ਿਆਦਾ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਹੁਣ ਇਟਲੀ ਦੇ ਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੱਚੇ ਨਾਲ ਜੇਕਰ ਮੁੰਡਾ ਹੈ ਤਾਂ ਸਿੰਘ ਤੇ ਜੇਕਰ ਕੁੜੀ ਹੈ ਤਾਂ ਕੌਰ ਜਨਮ ਸਰਟੀਫਿਕੇਟ 'ਤੇ ਲਿਖਵਾ ਸਕਦੇ ਹਨ, ਜਿਸ ਨਾਲ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮਾਪਿਆਂ ਨਾਲ ਇਟਲੀ ਦੀ ਨਾਗਰਿਕਤਾ ਲੈਣ ਸਮੇਂ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਇਸ ਕਾਨੂੰਨ ਸਬੰਧੀ ਇਟਲੀ ਦੀ ਸੰਵਿਧਾਨਕ ਅਦਾਲਤ ਨੇ ਹਾਲ ਹੀ 'ਚ ਫੈਸਲਾ ਸੁਣਾਇਆ ਹੈ ਕਿ ਉਹ ਸਾਰੇ ਮਾਪਦੰਡ ਜੋ ਆਪਣੇ-ਆਪ ਹੀ ਪਿਤਾ ਦੇ ਉਪਨਾਮ ਨੂੰ ਉਸ ਦੇ ਬੱਚਿਆਂ ਲਈ ਵਿਸ਼ੇਸ਼ਤਾ ਦਿੰਦੇ ਹਨ, ਗੈਰ-ਕਾਨੂੰਨੀ ਹਨ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਅੱਗੇ ਕਿਹਾ ਕਿ ਮਾਤਾ-ਪਿਤਾ ਦੋਵਾਂ ਦੇ ਉਪਨਾਮ ਬੱਚਿਆਂ ਨੂੰ ਦਿੱਤੇ ਜਾਣ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ : ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News