ਲੁਇਸਵਿਲੀ ਪੁਲਸ ਦੀ ਗੋਲੀਬਾਰੀ ''ਚ ਮਾਰੀ ਗਈ ਮਹਿਲਾ ਦੀ ਮਾਂ ਨੇ ਕੀਤੀ ਸ਼ਾਂਤੀ ਦੀ ਅਪੀਲ
Saturday, May 30, 2020 - 11:10 PM (IST)
ਲੁਇਸਵਿਲੀ - ਪੁਲਸ ਹੱਥੋਂ ਮਾਰੀ ਗਈ ਇਕ ਅਸ਼ਵੇਤ ਮਹਿਲਾ ਦੀ ਮਾਂ ਨੇ ਸ਼ੁੱਕਰਵਾਰ ਨੂੰ ਲੁਇਸਵਿਲੀ ਵਿਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਇਕ-ਦੂਜੇ ਨੂੰ ਸੱਟ ਪਹੁੰਚਾਏ ਬਗੈਰ ਨਿਆਂ ਦੀ ਮੰਗ ਜਾਰੀ ਰੱਖਣ। ਉਨ੍ਹਾਂ ਦੀ ਇਹ ਅਪੀਲ ਲੁਇਸਵਿਲੀ ਵਿਚ ਇਕ ਪ੍ਰਦਰਸ਼ਨ ਦੌਰਾਨ ਘਟੋਂ-ਘੱਟ 7 ਲੋਕਾਂ ਦੇ ਜ਼ਖਮੀ ਹੋਣ ਕਾਰਨ ਪੈਦਾ ਤਣਾਅ ਵਿਚਾਲੇ ਆਈ ਹੈ।
ਸਿਟੀ ਹਾਲ ਦੇ ਬਾਹਰ ਵੀਰਵਾਰ ਨੂੰ ਦੇਰ ਸ਼ਾਮ ਗੋਲੀਬਾਰੀ ਹੋਣ ਤੋਂ ਕੁਝ ਘੰਟੇ ਬਾਅਦ ਕੇਂਟੁਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਬ੍ਰੇਓਨਾ ਟੇਲਰ ਦੀ ਮਾਂ ਦਾ ਬਿਆਨ ਪੜਿਆ। ਲੁਇਸਵਿਲੀ ਮੈਟਰੋ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਮੇਅਰ ਗ੍ਰੇਗ ਫੀਸ਼ਰ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਨੇ ਕੋਈ ਗੋਲੀ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਖਮੀ ਲੋਕਾਂ ਦੀ ਸਹਾਇਤਾ ਕੀਤੀ। ਟੀ. ਵੀ. ਵੀਡੀਓ ਵਿਚ ਦਿੱਖ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਗੋਲੀਬਾਰੀ ਦੀ ਆਵਾਜ਼ ਸੁਣ ਕੇ ਭੱਜ ਰਹੇ ਹਨ। ਕਈ ਹੋਰ ਰੈਲੀਆਂ ਆਯੋਜਿਤ ਕਰਨ ਦੀ ਯੋਜਨਾ ਨੂੰ ਦੇਖਦੇ ਹੋਏ ਟੇਲਰ ਦੀ ਮਾਂ ਨੇ ਇਨ੍ਹਾਂ ਨੂੰ ਸ਼ਾਂਤੀਪੂਰਣ ਰੱਖਣ ਦੀ ਅਪੀਲ ਕੀਤੀ ਹੈ।
ਤਮਿਕਾ ਪਾਮਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਧੀ ਐਮਰਜੰਸੀ ਮੈਡੀਕਲ ਟੈਕਨੀਸ਼ੀਅਨ ਸੀ ਜਿਸ ਨੇ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੀ ਸੇਵਾ ਲਈ ਸਮਰਪਿਤ ਕੀਤਾ ਸੀ ਅਤੇ ਉਸ ਦੀ ਆਖਰੀ ਇੱਛਾ ਸੀ ਕਿ ਹਿੰਸਾ ਨਾ ਹੋਵੇ। ਉਨ੍ਹਾਂ ਦੇ ਬਿਆਨ ਵਿਚ ਕਿਹਾ ਗਿਆ ਕਿ ਉਸ ਦਾ ਨਾਂ ਲੈਂਦੇ ਰਹੋ। ਨਿਆਂ ਮੰਗਦੇ ਰਹੋ ਪਰ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਕਰੀਏ ਅਤੇ ਇਕ-ਦੂਜੇ ਨੂੰ ਸੱਟਾ ਨਾ ਪਹੁੰਚਾਓ। ਅਸੀਂ ਇਥੇ ਕੁਝ ਅਸਲ ਬਦਲਾਅ ਕਰ ਸਕਦੇ ਹਾਂ ਅਤੇ ਕਰਾਂਗੇ। ਹੁਣ ਸਮਾਂ ਆ ਗਿਆ ਹੈ। ਅਸੀਂ ਇਸ ਨੂੰ ਕਰੀਏ ਪਰ ਸੁਰੱਖਿਅਤ ਤਰੀਕੇ ਨਾਲ। ਭੀੜ ਨੇ ਥੋੜੇ ਸਮੇਂ ਲਈ ਸਿਟੀ ਹਾਲ ਦੇ ਕੋਲ ਆਵਾਜਾਈ ਜਾਮ ਕਰ ਦਿੱਤੀ ਅਤੇ ਨਾਅਰੇ ਲਗਾਏ, ਨਿਆਂ ਨਹੀਂ ਤਾਂ ਸ਼ਾਂਤੀ ਨਹੀਂ। ਪ੍ਰਦਰਸ਼ਨਕਾਰੀਆਂ ਨੇ ਬਿ੍ਰਓਨਾ ਟੇਲਰ ਅਤੇ ਜਾਰਜ ਫਲਾਇਡ ਲਈ ਨਿਆਂ ਦੀ ਮੰਗ ਕੀਤੀ।