ਘੱਟ ਗਿਣਤੀਆਂ ’ਤੇ ਹਮਲੇ ਦੀਆਂ ਜ਼ਿਆਦਾਤਰ ਘਟਨਾਵਾਂ ‘ਸਿਆਸੀ ਕਿਸਮ’ ਦੀਆਂ : ਬੰਗਲਾਦੇਸ਼ ਸਰਕਾਰ
Sunday, Jan 12, 2025 - 12:01 AM (IST)
ਢਾਕਾ, (ਭਾਸ਼ਾ)– ਬੰਗਲਾਦੇਸ਼ ਸਰਕਾਰ ਨੇ ਪੁਲਸ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿਚ 4 ਅਗਸਤ, 2024 ਤੋਂ ਬਾਅਦ ਘੱਟ ਗਿਣਤੀਆਂ ਖਿਲਾਫ ਹਮਲੇ ਤੇ ਜ਼ਾਲਮਪੁਣੇ ਦੀਆਂ ਜ਼ਿਆਦਾਤਰ ਘਟਨਾਵਾਂ ‘ਫਿਰਕੂ ਨਹੀਂ, ਸਗੋਂ ਸਿਆਸੀ ਕਿਸਮ ਦੀਆਂ ਸਨ।’
ਬੰਗਲਾਦੇਸ਼ ਪੁਲਸ ਨੇ ਘੱਟ ਗਿਣਤੀ ਭਾਈਚਾਰੇ ਨਾਲ ਸੰਪਰਕ ਬਣਾਈ ਰੱਖਣ ਅਤੇ ਫਿਰਕੂ ਹਿੰਸਾ ਦੀ ਸ਼ਿਕਾਇਤ ਸਿੱਧੇ ਤੌਰ ’ਤੇ ਹਾਸਲ ਕਰਨ ਲਈ ਇਕ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਦੀ ਪ੍ਰੈੱਸ ਸ਼ਾਖਾ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਸ ਨੇ ਇਹ ਜਾਂਚ ਬੰਗਲਾਦੇਸ਼ ਹਿੰਦੂ ਬੋਧ ਈਸਾਈ ਏਕਤਾ ਪ੍ਰੀਸ਼ਦ ਦੇ ਇਸ ਦਾਅਵੇ ਤੋਂ ਬਾਅਦ ਕੀਤੀ ਕਿ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਰਾਖਵਾਂਕਰਨ ਵਿਰੋਧੀ ਅੰਦਲੋਨ ਵਿਚਾਲੇ ਪਿਛਲੇ ਸਾਲ 5 ਅਗਸਤ ਨੂੰ ਦੇਸ਼ ਛੱਡ ਕੇ ਚਲੇ ਜਾਣ ਤੋਂ ਇਕ ਦਿਨ ਪਹਿਲਾਂ ਤੋਂ ਲੈ ਕੇ ਇਸ ਸਾਲ 8 ਜਨਵਰੀ ਤਕ ਫਿਰਕੂ ਹਿੰਸਾ ਦੀਆਂ 2,010 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਜਾਂਚ ਵਿਚ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਹਮਲੇ ਫਿਰਕੂ ਕਿਸਮ ਦੇ ਨਹੀਂ ਸਨ, ਸਗੋਂ ਸਿਆਸਤ ਤੋਂ ਪ੍ਰੇਰਿਤ ਸਨ।