ਯੂਕ੍ਰੇਨ ’ਚ ਜੰਗ ਖ਼ਤਮ ਕਰਨ ਲਈ ਮਾਸਕੋ ਗੱਲਬਾਤ ਲਈ ਤਿਆਰ : ਪੁਤਿਨ
Monday, Dec 26, 2022 - 10:23 AM (IST)
ਕੀਵ (ਭਾਸ਼ਾ)- ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ’ਚ ਜੰਗ ਖ਼ਤਮ ਕਰਨ ਲਈ ਰੂਸ ਗੱਲਬਾਤ ਨੂੰ ਤਿਆਰ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਰੂਸ ਵਲੋਂ ਯੂਕ੍ਰੇਨ ’ਤੇ ਨਵੇਂ ਹਮਲੇ ਕੀਤੇ ਜਾ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਐਤਵਾਰ ਨੂੰ ਇਕ ਰੂਸੀ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ਅਸੀਂ ਯੂਕ੍ਰੇਨ ਫੌਜੀ ਕਾਰਵਾਈ ਦੇ ਸਬੰਧ ’ਚ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਲਈ ਤਿਆਰ ਹਾਂ, ਜੋ ਇਕ ਸਵੀਕਾਰਯੋਗ ਹੱਲ ਚਾਹੁੰਦੇ ਹਨ ਪਰ ਹੁਣ ਸਭ ਕੁਝ ਉਨ੍ਹਾਂ ’ਤੇ ਨਿਰਭਰ ਹੈ। ਅਸੀਂ ਨਹੀਂ, ਉਹ ਸਮਝੌਤੇ ਤੋਂ ਇਨਕਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਅਤੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ’ਚ ਲੱਗੇ ਹਾਂ। ਯੂਕ੍ਰੇਨ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਪੁਤਿਨ ਦੀ ਟਿੱਪਣੀ ਦੇਸ਼ ’ਤੇ ਲਗਾਤਾਰ ਹਮਲਿਆਂ ਦੌਰਾਨ ਆਈ ਹੈ। ਐਤਵਾਰ ਨੂੰ ਦੇਸ਼ ਭਰ ’ਚ 2 ਵਾਰ ਹਵਾਈ ਹਮਲੇ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ ਅਤੇ ਦੁਪਹਿਰ ਨੂੰ ਤਿੰਨ ਮਿਜ਼ਾਈਲਾਂ ਨੇ ਅੰਸ਼ਕ ਤੌਰ ’ਤੇ ਕਬਜ਼ੇ ਵਾਲੇ ਡੋਨੇਟਸਕ ਖੇਤਰ ’ਚ ਕ੍ਰਾਮਟੋਰਸਕ ਸ਼ਹਿਰ ਨੂੰ ਨਿਸ਼ਾਨਾ ਬਣਾਇਆ।