ਯੂ. ਕੇ. ਦੇ ਫੌਜੀ ਮਿਸ਼ਨ ਤਹਿਤ 7000 ਤੋਂ ਵੱਧ ਲੋਕਾਂ ਨੂੰ ਅਫਗਾਨਿਸਤਾਨ ’ਚੋਂ ਕੱਢਿਆ ਗਿਆ

Tuesday, Aug 24, 2021 - 07:40 PM (IST)

ਯੂ. ਕੇ. ਦੇ ਫੌਜੀ ਮਿਸ਼ਨ ਤਹਿਤ 7000 ਤੋਂ ਵੱਧ ਲੋਕਾਂ ਨੂੰ ਅਫਗਾਨਿਸਤਾਨ ’ਚੋਂ ਕੱਢਿਆ ਗਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਅਫਗਾਨਿਸਤਾਨ ’ਚ ਚੱਲ ਰਹੇ ਸੰਕਟ ਦੌਰਾਨ ਯੂ. ਕੇ. ਦੀਆਂ ਫੌਜਾਂ ਵੱਲੋਂ ਤਕਰੀਬਨ ਦੋ ਹਫਤੇ ਪਹਿਲਾਂ ਸ਼ੁਰੂ ਕੀਤੇ ਗਏ ਬਚਾਅ ਮਿਸ਼ਨ ਦੇ ਹਿੱਸੇ ਵਜੋਂ 7000 ਤੋਂ ਵੱਧ ਲੋਕਾਂ ਨੂੰ ਅਫਗਾਨਿਸਤਾਨ ’ਚੋਂ ਕੱਢਿਆ ਗਿਆ ਹੈ। ਇਸ ਸਬੰਧੀ ਰੱਖਿਆ ਮੰਤਰਾਲੇ (ਐੱਮ. ਓ. ਡੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਆਪਰੇਸ਼ਨ ਪਿਟਿੰਗ' ਤਹਿਤ ਸ਼ੁੱਕਰਵਾਰ 13 ਅਗਸਤ ਨੂੰ ਸ਼ੁਰੂ ਹੋਈ ਫੌਜੀ ਨਿਕਾਸੀ ਨੇ ਹੁਣ ਤੱਕ ਲਗਭਗ 7109 ਲੋਕਾਂ ਨੂੰ ਕਾਬੁਲ ’ਚੋਂ ਬਾਹਰ ਕੱਢਿਆ ਹੈ। ਇਸ ਗਿਣਤੀ ’ਚ ਕਾਬੁਲ ਅੰਬੈਸੀ ਵਿਚਲਾ ਸਟਾਫ, ਬ੍ਰਿਟਿਸ਼ ਨਾਗਰਿਕ, ਅਫਗਾਨ ਮੁੜ ਵਸੇਬਾ ਅਤੇ ਸਹਾਇਤਾ ਨੀਤੀ (ਏ. ਆਰ. ਏ. ਪੀ.) ਪ੍ਰੋਗਰਾਮ ਦੇ ਅਧੀਨ ਯੋਗ ਅਫਗਾਨੀ ਲੋਕ ਅਤੇ ਸਹਿਯੋਗੀ ਦੇਸ਼ਾਂ ਦੇ ਬਹੁਤ ਸਾਰੇ ਨਾਗਰਿਕ ਵੀ ਸ਼ਾਮਲ ਹਨ।

ਇਸ ਆਪਰੇਸ਼ਨ ਪਿਟਿੰਗ ਤਹਿਤ 4226 ਤੋਂ ਵੱਧ ਅਫਗਾਨ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਹਰ ਕੱਢਿਆ ਹੈ। ਇਸ ਨਿਕਾਸੀ ਮੁਹਿੰਮ ਲਈ ਕਾਬੁਲ ’ਚ ਯੂ. ਕੇ. ਦੇ 1000 ਤੋਂ ਵੱਧ ਆਰਮਡ ਫੋਰਸਿਜ਼ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਰੱਖਿਆ ਮੰਤਰਾਲੇ ਅਨੁਸਾਰ ਨਿਕਾਸੀ ਪ੍ਰਕਿਰਿਆ ਉਦੋਂ ਤੱਕ ਚੱਲੇਗੀ, ਜਦੋਂ ਤੱਕ ਸੁਰੱਖਿਆ ਸਥਿਤੀ ਅਮਰੀਕਾ ਦੇ ਨਾਲ ਤਾਲਮੇਲ ’ਚ ਇਜਾਜ਼ਤ ਦਿੰਦੀ ਹੈ, ਜਦਕਿ ਨਿਕਾਸੀ ਉਡਾਣਾਂ ਦੇ ਅੰਤ ਲਈ ਅਜੇ ਤੱਕ ਕੋਈ ਪੱਕੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ। ਇਸ ਨਿਕਾਸੀ ਪ੍ਰਕਿਰਿਆ ਦੌਰਾਨ ਹਥਿਆਰਬੰਦ ਫੌਜਾਂ ਵੱਲੋਂ ਯੂ. ਕੇ. ਅਤੇ ਅਫਗਾਨ ਨਾਗਰਿਕਾਂ ਨੂੰ ਪਾਣੀ, ਬੱਚਿਆਂ ਲਈ ਦੁੱਧ, ਸੈਨੇਟਰੀ ਪੈਕ, ਕੰਬਲ ਅਤੇ ਕਿਤਾਬਾਂ ਆਦਿ ਵੀ ਦਿੱਤੀਆਂ ਜਾਂਦੀਆਂ ਹਨ। ਸੋਮਵਾਰ ਸਵੇਰੇ ਹਥਿਆਰਬੰਦ ਬਲਾਂ ਦੇ ਮੰਤਰੀ ਜੇਮਸ ਹੀਪੀ ਨੇ ਦੱਸਿਆ ਕਿ ਲੱਗਭਗ 1800 ਯੂ. ਕੇ. ਦੇ ਨਾਗਰਿਕ ਅਤੇ 2200 ਤੋਂ ਵੱਧ ਅਫਗਾਨੀ ਲੋਕ, ਜਿਨ੍ਹਾਂ ਨੇ ਬ੍ਰਿਟਿਸ਼ ਫੌਜਾਂ ਦੀ ਮਦਦ ਕੀਤੀ ਸੀ, ਇਸ ਨਿਕਾਸੀ ਪ੍ਰਕਿਰਿਆ ’ਚ ਨਿਕਾਸੀ ਦਾ ਕੇਂਦਰ ਹਨ। ਹੀਪੀ ਅਨੁਸਾਰ ਪਿਛਲੇ 24 ਘੰਟਿਆਂ ’ਚ ਤਕਰੀਬਨ 1821 ਲੋਕਾਂ ਨੂੰ 8 ਉਡਾਣਾਂ ਰਾਹੀਂ ਬਾਹਰ ਕੱਢਿਆ ਗਿਆ ਹੈ।
 


author

Manoj

Content Editor

Related News