ਕੋਰੋਨਾ ਆਫ਼ਤ : ਆਸਟ੍ਰੇਲੀਆ ''ਚ ਮਾਮਲੇ 5 ਲੱਖ ਤੋਂ ਪਾਰ, ਲੋਕਾਂ ਨੂੰ ਕੀਤੀ ਗਈ ਇਹ ਅਪੀਲ
Tuesday, Jan 04, 2022 - 10:01 AM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ‘ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਹਸਪਤਾਲਾਂ ਅਤੇ ਜਾਂਚ ਕੇਂਦਰਾਂ ‘ਤੇ ਦਬਾਅ ਵੱਧਦਾ ਜਾ ਰਿਹਾ ਹੈ। ਆਸਟ੍ਰੇਲੀਆ 'ਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚਕਾਰ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 5,00,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਨਿਊ ਸਾਊਥ ਵੇਲਜ਼ ਦੇ ਚੀਫ ਮੈਡੀਕਲ ਅਫਸਰ ਕੈਰੀ ਚੈਂਟ ਨੇ ਸੋਮਵਾਰ ਨੂੰ ਲੋਕਾਂ ਨੂੰ ਹਸਪਤਾਲ ਨਾ ਆਉਣ ਦੀ ਅਪੀਲ ਕੀਤੀ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਸਿਹਤ ਪ੍ਰਣਾਲੀ 'ਤੇ ਬੇਲੋੜਾ ਦਬਾਅ ਨਾ ਪਾਉਣ ਲਈ ਆਪਣੀ ਭੂਮਿਕਾ ਨਿਭਾਈਏ। ਉੱਧਰ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੀਸੀਆਰ ਟੈਸਟਿੰਗ ਕੇਂਦਰਾਂ 'ਤੇ ਦਬਾਅ ਘਟਾਉਣ ਲਈ ਫੈਡਰਲ ਸਰਕਾਰ ਵੱਲੋਂ ਮੁਫਤ 'ਰੈਪਿਡ ਐਂਟੀਜੇਨ' ਟੈਸਟ ਮੁਫ਼ਤ ਕਰਾਉਣ ਦੀ ਅਪੀਲ ਸੋਮਵਾਰ ਨੂੰ ਖਾਰਿਜ ਕਰ ਦਿੱਤੀ।
ਇੱਥੇ ਦੱਸ ਦਈਏ ਕਿ ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿਚ ਕੁੱਲ ਪੀੜਤਾਂ ਦੀ ਗਿਣਤੀ 543,839 ਹੋ ਗਈ ਹੈ ਜਦਕਿ 2,270 ਲੋਕ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਵਿੱਚ ਲਾਗ ਦੇ 23,131 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 1,344 ਲੋਕ ਹਸਪਤਾਲ ਵਿੱਚ ਦਾਖਲ ਹਨ। ਇਹ ਨਵੇਂ ਮਾਮਲੇ 83,376 ਨਮੂਨਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਅਤੇ ਇਨਫੈਕਸ਼ਨ ਦੀ ਦਰ 28 ਫੀਸਦੀ ਰਹੀ। ਵਿਕਟੋਰੀਆ ਵਿੱਚ ਕੋਵਿਡ-19 ਦੇ 14,020 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ, 516 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 108 ਮਰੀਜ਼ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਕੌਟ ਮੌਰੀਸਨ ਦਾ ਵੱਡਾ ਫ਼ੈਸਲਾ, ਕੋਵਿਡ ਟੈਸਟ ਲਈ 'ਫੰਡ' ਦੇਣ ਤੋਂ ਕੀਤਾ ਇਨਕਾਰ
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ-ਪ੍ਰਧਾਨ ਕ੍ਰਿਸ ਮੋਏ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀ ਸੰਕਰਮਿਤ ਹੋਏ ਹਨ ਅਤੇ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ, ਜਿਸ ਨਾਲ ਬਾਕੀ ਸਟਾਫ 'ਤੇ ਕੰਮ ਦਾ ਦਬਾਅ ਵਧਿਆ ਹੈ। ਮੋਏ ਨੇ ਏਬੀਸੀ ਰੇਡੀਓ ਨੂੰ ਦੱਸਿਆ ਕਿ ਤੁਹਾਡੇ ਕੋਲ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੈ ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।