ਕੋਵਿਡ-19 ਨਾਲ 4 ਹਜ਼ਾਰ ਤੋਂ ਵਧੇਰੇ ਮੌਤਾਂ, WHO ਨੇ ਐਲਾਨਿਆ ''ਵਿਸ਼ਵ ਮਹਾਮਾਰੀ''
Wednesday, Mar 11, 2020 - 10:52 PM (IST)
ਜੇਨੇਵਾ (ਏਜੰਸੀ)- ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲ ਕੇ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਹ ਗਿਣਤੀ 4000 ਤੱਕ ਪਹੁੰਚ ਗਈ ਹੈ। ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਨੂੰ ਗਲੋਬਲ ਮਹਾਮਾਰੀ ਐਲਾਨ ਦਿੱਤਾ ਹੈ। ਉਥੇ ਹੀ ਪਿਛਲੇ ਤਕਰੀਬਨ ਤਿੰਨ ਮਹੀਨੇ ਤੋਂ ਖਤਰਨਾਕ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਚੀਨ ਨੇ ਨਵੇਂ ਮਾਮਲਿਆਂ ਵਿਚ ਕਮੀ ਦਾ ਦਾਅਵਾ ਕੀਤਾ ਹੈ। ਵੁਹਾਨ ਨੂੰ ਛੱਡ ਬਾਕੀ ਦੇਸ਼ ਵਿਚ ਪਿਛਲੇ ਦੋ ਦਿਨ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਵੁਹਾਨ ਵਿਚ ਰੋਗੀਆਂ ਦੇ ਇਲਾਜ ਲਈ ਬਣਾਏ ਗਏ 11 ਅਸਥਾਈ ਹਸਪਤਾਲ ਵੀ ਬੰਦ ਕਰ ਦਿੱਤੇ ਗਏ ਹਨ।
ਚੀਨ ਤੋਂ ਬਾਅਦ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਖਣੀ ਕੋਰੀਆ ਵਿਚ ਵੀ ਨਵੇਂ ਮਾਮਲਿਆੰ ਵਿਚ ਕਮੀ ਦੀ ਖਬਰ ਹੈ। ਵੁਹਾਨ ਤੋਂ ਫੈਲਿਆ ਕੋਰਨਾ ਹੁਣ 100 ਤੋਂ ਵਧੇਰੇ ਦੇਸ਼ਾਂ ਵਿਚ ਫੈਲ ਚੁੱਕਾ ਹੈ। ਪੂਰੀ ਦੁਨੀਆ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਇਕ ਲੱਖ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਬਲਿਊ.ਐਚ.ਓ. ਮੁਖੀ ਟੇਡ੍ਰੋਸ ਏਧੋਨਮ ਘੇਬ੍ਰੇਯੇਸਸ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ।