ਕੈਨੇਡਾ ਦੇ ਇਸ ਸੂਬੇ 'ਚ ਨਸ਼ੇ ਨੇ ਪਸਾਰੇ ਪੈਰ, ਦਲਦਲ 'ਚ ਗਈਆਂ 1100 ਨੌਜਵਾਨਾਂ ਦੀਆਂ ਜਾਨਾਂ

11/11/2017 2:25:31 PM

ਵੈਨਕੁਵਰ,(ਬਿਊਰੋ)— ਕੈਨੇਡਾ 'ਚ ਨਸ਼ਿਆਂ ਦਾ ਵਪਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਨਸ਼ਾ ਤਸਕਰੀਆਂ ਕਾਰਨ ਕਈ ਦੋਸ਼ੀ ਫੜੇ ਵੀ ਗਏ ਹਨ ਪਰ ਅਜੇ ਵੀ ਇਸ 'ਤੇ ਨਕੇਲ ਨਹੀਂ ਕੱਸੀ ਗਈ। ਨਸ਼ਿਆਂ ਨੇ ਬ੍ਰਿਟਿਸ਼ ਕੋਲੰਬੀਆ 'ਚ ਅਜਿਹੇ ਪੈਰ ਪਸਾਰੇ ਹਨ ਕਿ ਨੌਜਵਾਨ ਦਿਨੋਂ-ਦਿਨ ਇਸ ਦਲਦਲ 'ਚ ਧੱਸਦੇ ਜਾ ਰਹੇ ਹਨ। ਹਰ ਰੋਜ਼ ਖਬਰ ਆਉਂਦੀ ਹੈ ਕਿ ਓਵਰ ਡੋਜ਼ ਕਾਰਨ ਇਕ ਜਾਂ ਦੋ ਨਸ਼ੇੜੀਆਂ ਦੀ ਜਾਨ ਚਲੀ ਗਈ ਹੈ। ਸੂਬਾ ਸਰਕਾਰ ਵਲੋਂ ਜਾਰੀ ਕੀਤੇ ਅੰਕੜੇ ਦੇਖ ਹਰ ਕੋਈ ਡਰ ਰਿਹਾ ਹੈ। ਬਹੁਤ ਸਾਰੇ ਪੰਜਾਬੀ ਵੀ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦੇ ਹਨ ਅਤੇ ਮਾਪਿਆ ਦੀ ਚਿੰਤਾ ਵਧ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਬੱਚੇ ਵੀ ਇਸ ਦਲਦਲ 'ਚ ਨਾ ਫਸ ਜਾਣ। 
ਇਕ ਰਿਪੋਰਟ ਮੁਤਾਬਕ ਜਨਵਰੀ ਤੋਂ ਹੁਣ ਤੱਕ 1100 ਤੋਂ ਵਧੇਰੇ ਨਸ਼ੇੜੀਆਂ ਨੇ ਦਮ ਤੋੜ ਦਿੱਤਾ ਹੈ। ਬੀ.ਸੀ. ਕੋਰੋਨਰ ਸਰਵਿਸਿਜ਼ ਵਲੋਂ ਪੇਸ਼ ਕੀਤੇ ਗਏ ਅੰਕੜਿਆਂ 'ਤੇ ਸੂਬੇ ਦੀ ਮਾਨਸਿਕ ਸਿਹਤ ਮੰਤਰੀ ਮੈਡਮ ਜੂਡੀ ਡਾਰਸੀ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ 2016 'ਚ ਨਸ਼ੀਲੇ ਸੇਵਨ ਕਾਰਨ ਮਰਨ ਵਾਲਿਆਂ ਦੀ ਗਿਣਤੀ 607 ਸੀ, ਜਦਕਿ ਇਸ ਸਾਲ ਹੁਣ ਤੱਕ 1103 ਲੋਕ ਨਸ਼ੇ ਕਾਰਨ ਮਰ ਚੁੱਕੇ ਹਨ। ਸਿਰਫ ਸਤੰਬਰ ਮਹੀਨੇ 'ਚ ਨਸ਼ੇ ਕਾਰਨ ਮਰਨ ਵਾਲਿਆਂ ਦੀ ਗਿਣਤੀ 80 ਸੀ। ਇਨ੍ਹਾਂ ਮੌਤਾਂ 'ਚੋਂ 83 ਫ਼ੀਸਦੀ ਦਾ ਕਾਰਨ ਫੈਨਟਾਨਲ ਨਾਂ ਦਾ ਨਸ਼ੀਲਾ ਪਦਾਰਥ ਸੀ, ਜਿਸ ਦਾ ਸੇਵਨ ਨਸ਼ਾ ਰੋਗੀ ਕੋਕੀਨ ਜਾਂ ਹੈਰੋਇਨ ਨਾਲ ਕਾਕਟੇਲ ਦੇ ਰੂਪ 'ਚ ਕਰਦੇ ਹਨ। ਅੰਕੜਿਆਂ ਅਨੁਸਾਰ ਪੰਜ ਸਾਲ ਪਹਿਲਾਂ 2012 'ਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 250 ਦੇ ਕਰੀਬ ਸੀ, ਜੋ ਵਧਦੀ ਹੋਈ 2013 'ਚ 330, 2014 ਦੌਰਾਨ 380, 2015 'ਚ 502, 2016 ਮੌਕੇ 607 ਜਦਕਿ ਸਨਸਨੀਖ਼ੇਜ਼ ਵਾਧੇ ਨਾਲ 2017 ਦੇ ਪਹਿਲੇ ਦੱਸ ਮਹੀਨਿਆਂ ਦੌਰਾਨ 1103 'ਤੇ ਪਹੁੰਚ ਚੁੱਕੀ ਹੈ । ਇਹ ਖਤਰੇ ਦੀ ਘੰਟੀ ਹੈ, ਜਿਸ ਤੋਂ ਬਚਣ ਲਈ ਦੇਸ਼ ਤੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।


Related News