ਬ੍ਰੈਗਜ਼ਿਟ ਕਾਰਨ ਪਰਵਾਸੀਆਂ ਸਣੇ ਭਾਰਤੀਆਂ ਦਾ ਆਇਰਲੈਂਡ ਵੱਲ ਵਧ ਰਿਹੈ ਰੁਝਾਨ

11/15/2019 3:37:58 PM

ਲੰਡਨ— ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਤੋਂ ਲੰਘ ਰਿਹਾ ਹੈ। ਅਜਿਹੇ 'ਚ ਭਾਰਤੀਆਂ ਦਾ ਰੁਝਾਨ ਬ੍ਰਿਟੇਨ ਦੀ ਬਜਾਏ ਆਇਰਲੈਂਡ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਬ੍ਰਿਟੇਨ 'ਚ ਮੌਜੂਦ ਭਾਰਤੀਆਂ ਸਣੇ ਭਾਰਤ ਦੇ ਲੋਕ ਆਇਰਲੈਂਡ ਵੱਲ ਰੁਖ ਕਰਨ ਦੀ ਸੋਚ ਰਹੇ ਹਨ। ਇਸ ਦਾ ਇਕ ਖਾਸ ਕਾਰਨ ਹੈ ਆਇਰਲੈਂਡ ਦੀ ਬ੍ਰਿਟੇਨ ਨਾਲ ਹੋਈ ਇਕ ਸੰਧੀ। ਜਿਸ ਤਹਿਤ ਉਹ ਯੂਰਪੀ ਯੂਨੀਅਨ ਦਾ ਮੈਂਬਰ ਹੁੰਦਿਆਂ ਹੋਇਆ ਵੀ ਬ੍ਰਿਟੇਨ ਨਾਲ ਜੁੜਿਆ ਰਹੇਗਾ ਤੇ ਇਥੋਂ ਦੇ ਸਿਟੀਜ਼ਨਾਂ ਨੂੰ ਯੂਰਪੀ ਦੇਸ਼ਾਂ ਤੇ ਬ੍ਰਿਟੇਨ 'ਚ ਘੁੰਮਣ ਸਮੇਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਨੂੰ ਬੜੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਆਇਰਲੈਂਡ ਯੂਰਪੀ ਯੂਨੀਅਨ ਦਾ ਮੈਂਬਰ ਹੈ। ਇਸ ਦੇ ਨਾਲ ਹੀ ਦੇਸ਼ ਦਾ ਬ੍ਰਿਟੇਨ ਨਾਲ ਇਕ ਸਮਝੌਤਾ ਹੋਇਆ ਹੈ, ਜਿਸ ਨੂੰ 'ਕਾਮਨ ਟ੍ਰੈਵਲ ਏਰੀਆ ਐਗਰੀਮੈਂਟ' ਕਿਹਾ ਜਾਂਦਾ ਹੈ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ ਲੋਕ ਬ੍ਰਿਟੇਨ ਜਾਂ ਆਇਰਲੈਂਡ 'ਚ ਬਿਨਾਂ ਵੀਜ਼ੇ ਤੇ ਵਰਕ ਪਰਮਿਟ ਦੇ ਕੰਮ ਕਰ ਸਕਦੇ ਜਾਂ ਘੁੰਮ ਸਕਦੇ ਹਨ। ਇਸ ਦੌਰਾਨ ਆਇਰਿਸ਼ ਡਿਸਪੋਰਾ ਲੋਨ ਫੰਡ ਦੇ ਚੀਫ ਕਮਰਸ਼ੀਅਲ ਅਫਸਰ ਐਂਡ੍ਰਿਊ ਪੇਰਿਸ਼ ਨੇ ਕਿਹਾ ਕਿ ਇਸ ਸੰਧੀ ਤਹਿਤ ਆਇਰਲੈਂਡ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਬਣ ਜਾਵੇਗਾ, ਜਿਥੋਂ ਦੇ ਸਿਟੀਜ਼ਨ ਯੂਰਪੀ ਯੂਨੀਅਨ ਦੇਸ਼ਾਂ ਤੇ ਬ੍ਰਿਟੇਨ 'ਚ ਕਿਤੇ ਵੀ ਜਾ ਸਕਣਗੇ।

ਜਾਣਕਾਰੀ ਮੁਤਾਬਕ ਮੌਜੂਦਾ ਵੇਲੇ 'ਚ ਜੋ ਲੋਕ ਆਇਰਲੈਂਡ 'ਚ ਕੰਮ ਲਈ ਜਾ ਰਹੇ ਹਨ ਉਨ੍ਹਾਂ ਨੂੰ ਦੇਸ਼ ਦੀ ਸਿਟੀਜ਼ਨਸ਼ਿਪ ਹਾਸਲ ਕਰਨ 'ਚ ਪੰਜ ਸਾਲ ਲੱਗ ਜਾਂਦੇ ਹਨ। ਸਾਲ 2018 'ਚ 8,225 ਵਿਦੇਸ਼ੀਆਂ ਨੂੰ ਆਇਰਲੈਂਡ ਦੀ ਸਿਟੀਜ਼ਨਸ਼ਿਪ ਦਿੱਤੀ ਗਈ ਹੈ। ਇਸ ਦੌਰਾਨ 629 ਭਾਰਤੀਆਂ ਨੇ ਆਇਰਲੈਂਡ ਦੀ ਸਿਟੀਜ਼ਨ ਹਾਸਲ ਕੀਤੀ, ਜੋ ਕਿ ਕੁੱਲ ਗਿਣਤੀ ਦਾ 7.6 ਫੀਸਦੀ ਸੀ। ਚੋਟੀ ਦੇ ਤਿੰਨ ਦੇਸ਼ ਪੋਲੈਂਡ, ਰੋਮਾਨੀਆ ਤੇ ਬ੍ਰਿਟੇਨ ਯੂਰਪੀਅਨ ਇਕਨਾਮਿਕ ਖੇਤਰ ਤੋਂ ਹਨ। ਸਾਲ 2017 'ਚ ਆਇਰਲੈਂਡ ਦੀ ਸਿਟੀਜ਼ਨ ਹਾਸਲ ਕਰਨ 'ਚ ਭਾਰਤੀ 665 ਦੀ ਗਿਣਤੀ ਨਾਲ ਤੀਜੇ ਸਥਾਨ 'ਤੇ ਰਹੇ।

ਸਟੈਟਿਸਟਿਕਸ ਦੇ ਸਾਲ 2018 ਦੇ ਅੰਕੜਿਆਂ ਮੁਤਾਬਕ ਆਇਰਲੈਂਡ 'ਚ ਆਇਰਿਸ਼ ਰੈਜ਼ੀਡੈਂਸ ਪਰਮਿਟ (ਨਾਨ-ਈਈਏ) ਦੇ ਤੌਰ 'ਤੇ 1,42,924 ਲੋਕ ਰਹਿ ਰਹੇ ਸਨ, ਜਿਨ੍ਹਾਂ 'ਚ ਨੰਬਰ-2 ਰੈਂਕ ਨਾਲ ਭਾਰਤੀਆਂ ਦੀ ਗਿਣਤੀ 21,701 ਰਹੀ, ਜੋ ਕਿ ਕੁਲ ਗਿਣਤੀ ਦਾ 15 ਫੀਸਦੀ ਸੀ। ਇਸੇ ਤਰ੍ਹਾਂ ਵਰਕ ਪਰਮਿਟ (ਨਾਨ-ਈਈਏ) 'ਤੇ 14,014 ਲੋਕ ਆਇਰਲੈਂਡ ਆਏ। ਇਸ ਦੌਰਾਨ ਭਾਰਤੀ 4,664 ਦੀ ਗਿਣਤੀ ਨਾਲ ਚੋਟੀ 'ਤੇ ਰਹੇ। ਇਸੇ ਸਮੇਂ ਦੌਰਾਨ 8,225 ਲੋਕਾਂ ਨੇ ਆਇਰਲੈਂਡ ਦੀ ਸਿਟੀਜ਼ਨਸ਼ਿਪ ਹਾਸਲ ਕੀਤੀ ਤੇ ਭਾਰਤੀ ਇਸ ਲੜੀ 'ਚ 629 ਦੀ ਗਿਣਤੀ ਨਾਲ ਚੌਥੇ ਨੰਬਰ 'ਤੇ ਰਹੇ। 1,37,788 ਵਿਦੇਸ਼ੀਆਂ ਨੇ ਸਾਲ 2018 'ਚ ਵਿਦਿਆਰਥੀ ਤੇ ਵਰਕ ਵੀਜ਼ੇ 'ਤੇ ਆਇਰਲੈਂਡ 'ਚ ਫੇਰਾ ਮਾਰਿਆ, ਜਿਨ੍ਹਾਂ 'ਚ 29,602 ਦੀ ਗਿਣਤੀ ਨਾਲ ਭਾਰਤੀ ਪਹਿਲੇ ਨੰਬਰ 'ਤੇ ਰਹੇ।


Baljit Singh

Content Editor

Related News