ਕੋਰੋਨਾ ਵਾਂਗ ਸਰਹੱਦਾਂ ਪਾਰ ਕਰਨ ਲੱਗਾ ਮੰਕੀਪੌਕਸ, ਇਨ੍ਹਾਂ 15 ਦੇਸ਼ਾਂ ’ਚ ਮਾਮਲੇ ਆਏ ਸਾਹਮਣੇ
Tuesday, May 24, 2022 - 04:50 PM (IST)
ਲੰਡਨ (ਵਿਸ਼ੇਸ਼)-ਯੂਰਪ ’ਚ ਤੇਜ਼ੀ ਨਾਲ ਫੈਲ ਰਿਹਾ ਮੰਕੀਪੌਕਸ ਹੁਣ ਕੋਵਿਡ ਵਾਂਗ ਤੇਜ਼ੀ ਨਾਲ ਸਰਹੱਦਾਂ ਪਾਰ ਕਰ ਕੇ 15 ਦੇਸ਼ਾਂ ’ਚ ਪਹੁੰਚ ਚੁੱਕਾ ਹੈ। ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ’ਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਹਿਣ ਨੂੰ ਇਹ ਬੀਮਾਰੀ ਪੁਰਾਣੀ ਹੈ ਪਰ ਇਸ ਵਾਰ ਇਸ ਦਾ ਪ੍ਰਸਾਰ ਅਸਮਾਨ ਹੈ। ਅਜੇ ਤੱਕ ਮੰਕੀਪੌਕਸ ਦਾ ਕੋਈ ਟੀਕਾ ਵੀ ਵਿਕਸਿਤ ਨਹੀਂ ਹੋਇਆ ਹੈ। ਸਮਾਲਪੌਕਸ ਦਾ ਟੀਕਾ ਇਸ ਦੇ ਇਨਫੈਕਸ਼ਨ ਨੂੰ ਰੋਕਣ ’ਚ 85 ਫੀਸਦੀ ਕਾਰਗਰ ਹੈ। ਇਸ ਨੂੰ ਦੇਖਦੇ ਹੋਏ ਯੂਰਪੀ ਦੇਸ਼ਾਂ ਨੇ ਮੰਕੀਪੌਕਸ ਦੀ ਵੈਕਸੀਨ ਤਿਆਰ ਕਰਨ ਦੀ ਰਣਨੀਤੀ ’ਤੇ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਯੂਰਪੀ ਸੰਘ ਦੇ ਸਿਹਤ ਪ੍ਰਮੁੱਖ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਇਸ ਦੇ ਲਈ ਨਿਰੇਦਸ਼ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਥਿਤੀ ਨੂੰ ਹੰਗਾਮੀ ਐਲਾਨ ਕਰ ਦਿੱਤਾ ਹੈ। ਅਜਿਹੀ ਹਾਲਤ ’ਚ ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਯਾਤਰਾ ਸਬੰਧੀ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।
64 ਸਾਲ ਪੁਰਾਣੀ ਬੀਮਾਰੀ
* 1958 : ਪਹਿਲੀ ਵਾਰ ਇਹ ਬੀਮਾਰੀ ਕੁਝ ਪਾਲਤੂ ਬਾਂਦਰਾਂ ’ਚ ਦੇਖੀ ਗਈ ਸੀ। ਉਨ੍ਹਾਂ ਦੇ ਸਰੀਰ ’ਤੇ ਦਾਣੇ ਨਿਕਲ ਰਹੇ ਸਨ।
* 1970 : ਗਣਰਾਜ ਕਾਂਗੋ ’ਚ ਪਹਿਲੀ ਵਾਰ ਇਨਸਾਨ ’ਚ ਮੰਕੀਪਾਕਸ ਦਾ ਮਾਮਲਾ ਸਾਹਮਣੇ ਆਇਆ। ਉਸ ਤੋਂ ਬਾਅਦ ਇਹ ਮੱਧ ਅਤੇ ਪੱਛਮੀ ਅਫਰੀਕੀ ਦੇਸ਼ਾਂ ’ਚ ਫੈਲਿਆ।
* 2003 : ਅਫਰੀਕਾ ਤੋਂ ਮੰਗਵਾਏ ਗਏ ਰੋਡੇਂਟਸ (ਚੂਹੇ, ਗਲਹਿਰੀ, ਪ੍ਰੇਅਰੀ ਡੌਗਜ਼) ਨਾਲ ਇਹ ਬੀਮਾਰੀ ਅਮਰੀਕਾ ’ਚ ਫੈਲੀ। ਇਨਸਾਨ ਅਤੇ ਪਾਲਤੂ ਪ੍ਰੇਅਰੀ ਡੌਗਜ਼ ’ਚ ਇਸ ਦੇ ਮਾਮਲੇ ਸਾਹਮਣੇ ਆਏ।
ਸਤੰਬਰ 2018 : ਇੰਗਲੈਂਡ ’ਚ ਤਿੰਨ ਮਾਮਲੇ ਸਾਹਮਣੇ ਆਏ।
ਦਸੰਬਰ 2019 : ਇੰਗਲੈਂਡ ’ਚ ਦੋ ਮਾਮਲੇ ਆਏ।
ਮਈ 2021 : ਇੰਗਲੈਂਡ ’ਚ ਦੋ ਮਾਮਲੇ ਆਏ।
ਮਈ 2022 : ਇੰਗਲੈਂਡ ’ਚ 20 ਮਾਮਲੇ ਹੋਰ ਪੂਰੀ ਦੁਨੀਆ ’ਚ 92 ਮਾਮਲੇ ਸਾਹਮਣੇ ਆ ਚੁੱਕੇ ਹਨ।
ਲੱਛਣ
ਬੁਖਾਰ, ਸਿਰਦਰਦ, ਮਾਸਪੇਸ਼ੀਆਂ ਤੇ ਪਿੱਠ ’ਚ ਦਰਦ, ਗਲੇ ’ਚ ਸਮੱਸਿਆ, ਠੰਡ ਲੱਗਣੀ, ਥਕਾਵਟ, ਸਕਿੱਨ ’ਤੇ ਦਾਣੇ
ਇਨ੍ਹਾਂ 15 ਦੇਸ਼ਾਂ ’ਚ ਮਿਲੇ ਮੰਕੀਪੌਕਸ ਦੇ ਮਰੀਜ਼
ਕੈਨੇਡਾ, ਅਮਰੀਕਾ, ਬੈਲਜੀਅਮ, ਨੀਦਰਲੈਂਡ, ਯੂ. ਕੇ., ਫਰਾਂਸ, ਪੁਰਤਗਾਲ, ਸਵੀਡਨ, ਜਰਮਨੀ, ਆਸਟ੍ਰੀਆ, ਸਵਿਟਜ਼ਰਲੈਂਡ, ਸਪੇਨ, ਇਟਲੀ, ਇਜ਼ਰਾਈਲ, ਆਸਟ੍ਰੇਲੀਆ