ਜਰਮਨੀ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਡੈਨਮਾਰਕ ਲਈ ਰਵਾਨਾ ਹੋਏ PM ਮੋਦੀ

05/03/2022 2:35:28 PM

ਬਰਲਿਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਆਪਣਾ ਜਰਮਨੀ ਦੌਰਾ ਪੂਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਡੈਨਮਾਰਕ ਲਈ ਰਵਾਨਾ ਹੋ ਗਏ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਰਪ ਯਾਤਰਾ ਦਾ ਪਹਿਲਾ ਪੜਾਅ ਸਮਾਪਤ ਹੋ ਗਿਆ ਹੈ। ਇਸ ਨਾਲ ਭਾਰਤ ਅਤੇ ਜਰਮਨੀ ਦੀ ਭਾਈਵਾਲੀ ਮਜ਼ਬੂਤ ​​ਹੋਈ ਹੈ। ਉਨ੍ਹਾਂ ਦਾ ਅਗਲਾ ਸਟਾਪ ਕੋਪਨਹੇਗਨ ਹੈ।' ਮੋਦੀ, ਜੋ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਪਹਿਲੇ ਪੜਾਅ 'ਤੇ ਸੋਮਵਾਰ ਸਵੇਰੇ ਬਰਲਿਨ ਪਹੁੰਚੇ, ਨੇ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਵਪਾਰਕ ਗੋਲਮੇਜ਼ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਮੋਦੀ ਨੇ ਟਵੀਟ ਕੀਤਾ, ''ਮੇਰਾ ਜਰਮਨੀ ਦੌਰਾ ਬਹੁਤ ਸਫ਼ਲ ਰਿਹਾ ਹੈ। ਚਾਂਸਲਰ ਓਲਾਫ ਸਕੋਲਜ਼ ਨਾਲ ਵੱਖ-ਵੱਖ ਮੁੱਦਿਆਂ 'ਤੇ ਵਿਆਪਕ ਪੱਧਰ 'ਤੇ ਗੱਲਬਾਤ ਹੋਈ ਅਤੇ ਨਾਲ ਹੀ ਅੰਤਰ-ਸਰਕਾਰੀ ਸਲਾਹ-ਮਸ਼ਵਰਾ ਵੀ ਹੋਇਆ। ਮੈਨੂੰ ਵਪਾਰਕ ਜਗਤ ਦੇ  ਪ੍ਰਤੀਨਿਧੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ। ਮੈਂ ਜਰਮਨ ਸਰਕਾਰ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ।'

ਇਹ ਵੀ ਪੜ੍ਹੋ: ਬਰਲਿਨ ਪੁੱਜੇ PM ਮੋਦੀ ਨੇ ਵਜਾਇਆ ਢੋਲ, ਵੀਡੀਓ ਵਾਇਰਲ

ਪ੍ਰਧਾਨ ਮੰਤਰੀ ਮੋਦੀ ਨੇ ਚਾਂਸਲਰ ਸਕੋਲਜ਼ ਨਾਲ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਦੇ 6ਵੇਂ ਪੂਰਣ ਸੈਸ਼ਨ ਦੀ ਸਹਿ-ਪ੍ਰਧਾਨਗੀ ਵੀ ਕੀਤੀ। ਮੋਦੀ ਨੇ ਭਾਰਤ ਦੀ ਆਤਮ-ਨਿਰਭਰ ਭਾਰਤ ਮੁਹਿੰਮ ਵਿੱਚ ਜਰਮਨ ਦੀ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੀ ਸਾਂਝੇਦਾਰੀ ਮੌਜੂਦਾ ਸਥਿਤੀ 'ਚ ਦੁਨੀਆ 'ਚ ਸਫਲਤਾ ਦੀ ਮਿਸਾਲ ਬਣ ਸਕਦੀ ਹੈ। ਦੋਵਾਂ ਧਿਰਾਂ ਨੇ ਟਿਕਾਊ ਵਿਕਾਸ 'ਤੇ ਕੇਂਦਰਿਤ ਕਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ, ਜਿਸ ਤਹਿਤ ਭਾਰਤ ਨੂੰ 2030 ਤੱਕ ਸਵੱਛ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 10.5 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਅਤੇ ਜਰਮਨ ਕਾਰੋਬਾਰੀ ਦਿੱਗਜਾਂ ਨਾਲ ਗੱਲਬਾਤ ਦੌਰਾਨ ਆਪਣੀ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸੰਬੋਧਨ ਕੀਤਾ। ਡੈਨਮਾਰਕ ਵਿੱਚ ਮੋਦੀ ਆਪਣੇ ਹਮਰੁਤਬਾ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਕਰਨ ਤੋਂ ਇਲਾਵਾ, ਆਈਸਲੈਂਡ, ਫਿਨਲੈਂਡ, ਸਵੀਡਨ ਅਤੇ ਨਾਰਵੇ ਦੇ ਪ੍ਰਧਾਨ ਮੰਤਰੀਆਂ ਨਾਲ ਦੂਜੇ ਭਾਰਤ-ਨੋਰਡਿਕ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News