ਮੋਡੇਰਨਾ ਦਾ ਕੋਰੋਨਾ ਵਾਇਰਸ ਟੀਕਾ ਵੀ ਹੈ ਪ੍ਰਭਾਵਸ਼ਾਲੀ : ਐੱਫ. ਡੀ. ਏ.
Wednesday, Dec 16, 2020 - 10:53 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਟੀਕੇ ਦੇ ਮਾਮਲੇ ਵਿਚ ਕਈ ਕੰਪਨੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਟੀਕੇ ਨੂੰ ਬਣਾਉਣ 'ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਭ ਤੋਂ ਪਹਿਲਾਂ ਫਾਈਜ਼ਰ ਦੇ ਟੀਕੇ ਨੂੰ ਮਨਜੂਰੀ ਮਿਲਣ ਉਪਰੰਤ ਵਰਤੋਂ ਵਿਚ ਲਿਆਂਦਾ ਗਿਆ ਹੈ ਅਤੇ ਇਕ ਹੋਰ ਕੰਪਨੀ ਮੋਡੇਰਨਾ ਦਾ ਕੋਰੋਨਾ ਵਾਇਰਸ ਟੀਕਾ ਮਨਜ਼ੂਰੀ ਮਿਲਣ ਦੇ ਨੇੜੇ ਪਹੁੰਚਿਆ ਹੈ। ਇਸ ਸੰਬੰਧੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਮੋਡੇਰਨਾ ਦਾ ਕੋਵਿਡ-19 ਟੀਕਾ ਬੀਮਾਰੀ ਦੀ ਰੋਕਥਾਮ ਲਈ 94 ਫ਼ੀਸਦੀ ਪ੍ਰਭਾਵਸ਼ਾਲੀ ਹੋਣ ਦੇ ਨਾਲ ਵਾਇਰਸ ਨੂੰ ਵੀ ਰੋਕ ਸਕਦਾ ਹੈ। ਇਸ ਟੀਕੇ ਸੰਬੰਧੀ ਖੋਜਾਂ ਦੇ ਮੱਦੇਨਜ਼ਰ ਇਸ ਹਫ਼ਤੇ ਦੇ ਅੰਤ ਤੱਕ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਇਸ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰਾਂ ਲਈ ਮੋਹਰ ਲਗਾਈ ਜਾ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਅਮਰੀਕਾ ਨੂੰ ਜਲਦੀ ਹੀ ਦੂਜੀ ਕੰਪਨੀ ਦੇ ਪ੍ਰਭਾਵਸ਼ਾਲੀ ਕੋਵਿਡ-19 ਟੀਕੇ ਮਿਲ ਸਕਦੇ ਹਨ।
ਮੋਡੇਰਨਾ ਟੀਕੇ ਦੀ ਉੱਚ ਕੁਸ਼ਲਤਾ ਮਾਹਿਰਾਂ ਵਲੋਂ 28 ਦਿਨਾਂ ਦੇ ਫਰਕ ਨਾਲ ਦਿੱਤੀਆਂ ਦੋ ਖੁਰਾਕਾਂ ਤੋਂ ਬਾਅਦ ਨੋਟ ਕੀਤੀ ਗਈ ਸੀ ਅਤੇ ਇਸ ਦੀ ਪ੍ਰਭਾਵਸ਼ੀਲਤਾ ਵੀ ਫਾਈਜ਼ਰ ਅਤੇ ਬਾਇਓਨਟੈਕ ਟੀਕੇ ਦੇ ਪੱਧਰ ਦੀ ਹੈ। ਜਦਕਿ ਸਬੂਤਾਂ ਅਨੁਸਾਰ ਮੋਡੇਰਨਾ ਟੀਕੇ ਦੀ ਸਿਰਫ ਇਕ ਖੁਰਾਕ ਵਾਇਰਸ ਦੇ ਫੈਲਣ ਨੂੰ ਰੋਕ ਸਕਦੀ ਹੈ ਪਰ ਫਿਰ ਵੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਰੈਗੂਲੇਟਰਾਂ ਨੂੰ ਵੱਧ ਸੁਰੱਖਿਆ ਲਈ ਟੀਕੇ ਦੀਆਂ ਦੋ ਖੁਰਾਕਾਂ ਦੀ ਜ਼ਰੂਰਤ ਹੋਵੇਗੀ।
ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੋਡੇਰਨਾ ਟੀਕੇ ਦੀ ਪ੍ਰਵਾਨਗੀ ਦਾ ਰਾਸਤਾ ਵੀ ਫਾਈਜ਼ਰ ਦੇ ਵਾਂਗ ਹੋਵੇਗਾ ਅਤੇ ਇਸ ਦਾ ਅਧਿਕਾਰ ਸ਼ੁੱਕਰਵਾਰ ਤੱਕ ਮਿਲ ਸਕਦਾ ਹੈ । ਜਦਕਿ ਆਪ੍ਰੇਸ਼ਨ ਰੈਪ ਸਪੀਡ ਅਧਿਕਾਰੀ ਪਹਿਲਾਂ ਹੀ ਮੋਡੇਰਨਾ ਟੀਕੇ ਦੀ ਵਿਆਪਕ ਵੰਡ ਲਈ ਯੋਜਨਾ ਬਣਾ ਰਹੇ ਹਨ। ਇਸ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰਮੀ ਜਨਰਲ ਗੁਸਤਾਵੇ ਪਰਨਾ ਅਨੁਸਾਰ ਜੇ ਐੱਫ. ਡੀ. ਏ. ਵਲੋਂ ਮੋਡੇਰਨਾ ਟੀਕੇ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਲਗਭਗ 6 ਮਿਲੀਅਨ ਖੁਰਾਕਾਂ ਨੂੰ ਦੇਸ਼ ਭਰ ਵਿਚ 3,285 ਸਥਾਨਾਂ 'ਤੇ ਭੇਜਿਆ ਜਾਵੇਗਾ।