ਮਿਸ਼ਨ ਮੂਨ : 2024 ''ਚ ਚੰਨ ''ਤੇ ਪਹਿਲੀ ਵਾਰ ਕਦਮ ਰੱਖੇਗੀ ਇਕ ਬੀਬੀ

9/23/2020 12:40:15 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਇਕ ਵਾਰ ਫਿਰ ਚੰਨ 'ਤੇ ਇਨਸਾਨ ਭੇਜਣ ਦੀ ਯੋਜਨਾ ਬਣਾ ਰਹੀ ਹੈ। 1972 ਵਿਚ ਪਹਿਲੀ ਵਾਰ ਨਾਸਾ ਨੇ ਚੰਨ 'ਤੇ ਇਨਸਾਨ ਭੇਜਿਆ ਸੀ। ਨਾਸਾ ਪ੍ਰਮੁੱਖ ਜਿਮ ਬ੍ਰਿਡੇਨਸਟੀਨ ਨੇ ਦੱਸਿਆ ਕਿ ਨਾਸਾ 2024 ਵਿਚ ਚੰਨ 'ਤੇ ਪਹਿਲੀ ਬੀਬੀ ਪੁਲਾੜ ਯਾਤਰੀ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਮਿਸ਼ਨ 'ਤੇ ਇਕ ਪੁਰਸ਼ ਪੁਲਾੜ ਯਾਤਰੀ ਵੀ ਨਾਲ ਜਾਵੇਗਾ। 

ਨਾਸਾ ਦੇ ਮੁਤਾਬਕ, ਇਸ ਮਿਸ਼ਨ ਦੀ ਸ਼ੁਰੂਆਤ ਚੰਨ 'ਤੇ ਵਿਗਿਆਨਕ ਖੋਜ, ਆਰਥਿਕ ਲਾਭ ਅਤੇ ਨਵੀਂ ਪੀੜ੍ਹੀ ਦੇ ਖੋਜ ਕਰਤਾਵਾਂ ਨੂੰ ਪ੍ਰੇਰਣਾ ਦੇਣ ਦੇ ਲਈ ਕੀਤੀ ਜਾ ਰਹੀ ਹੈ। ਨਾਸਾ ਪ੍ਰਮੁੱਖ ਜਿਮ ਬ੍ਰਿਡੇਨਸਟੀਨ ਨੇ ਬ੍ਰੀਫਿੰਗ ਵਿਚ ਦੱਸਿਆ ਕਿ ਇਸ ਮਿਸ਼ਨ ਵਿਚ ਬਜਟ ਸਬੰਧੀ ਥੋੜ੍ਹੀ ਸਮੱਸਿਆ ਹੈ ਕਿਉਂਕਿ ਦੇਸ਼ ਵਿਚ ਰਾਸ਼ਟਰਪਤੀ ਚੋਣਾਂ ਹਨ। ਜੇਕਰ ਅਮਰੀਕੀ ਸੰਸਦ ਦਸੰਬਰ ਤੱਕ ਸ਼ੁਰੂਆਤੀ ਬਜਟ ਦੇ ਤੌਰ 'ਤੇ 23,546 ਕਰੋੜ ਰੁਪਏ ਦੀ ਮਨਜ਼ੂਰੀ ਦਿੰਦੀ ਹੈ ਤਾਂ ਅਸੀਂ ਚੰਨ 'ਤੇ ਆਪਣੀ ਮੁਹਿੰਮ ਨੂੰ ਅੰਜਾਮ ਦੇ ਸਕਾਂਗੇ। ਉਹਨਾਂ ਨੇ ਦੱਸਿਆ ਕਿ ਇਸ ਮਿਸ਼ਨ ਵਿਚ ਨਾਸਾ ਚੰਨ ਦੇ ਅਣਛੂਹੇ ਸਾਊਥ ਪੋਲ 'ਤੇ ਪੁਲਾੜ ਗੱਡੀ ਦੀ ਲੈਂਡਿੰਗ ਕਰੇਗਾ। ਇਹ ਮਿਸ਼ਨ 4 ਸਾਲ ਵਿਚ ਪੂਰਾ ਹੋਵੇਗਾ ਅਤੇ ਇਸ 'ਤੇ ਕਰੀਬ 28 ਬਿਲੀਅਨ ਡਾਲਰ ਦਾ ਖਰਚ ਆਵੇਗਾ। 

ਬ੍ਰਿਡੇਨਸਟੀਨ ਨੇ ਕਿਹਾ,''ਇਸ ਮਿਸ਼ਨ ਵਿਚ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਦੀ ਖੋਜ ਹੋਵੇਗੀ। ਇਸ ਵਿਚ ਪਹਿਲਾਂ ਕੀਤੀਆਂ ਗਈਆਂ ਵਿਗਿਆਨਕ ਸ਼ੋਧਾਂ ਤੋਂ ਭਿੰਨ ਸ਼ੋਧਾਂ ਕੀਤੀਆਂ ਜਾਣਗੀਆਂ।'' ਉਹਨਾਂ ਨੇ ਦੱਸਿਆ ਕਿ 1969 ਦੇ ਅਪੋਲੋ ਮਿਸ਼ਨ ਦੇ ਸਮੇਂ ਸਾਨੂੰ ਲੱਗਦਾ ਸੀ ਕਿ ਚੰਨ ਸੁੱਕਾ ਹੈ ਪਰ ਹੁਣ ਸਾਨੂੰ ਪਤਾ ਹੈ ਕਿ ਚੰਨ ਦੇ ਸਾਊਥ ਪੋਲ 'ਤੇ ਭਾਰੀ ਮਾਤਰਾ ਵਿਚ ਪਾਣੀ ਮੌਜੂਦ ਹੈ। ਇਸ ਸਮੇਂ ਤਿੰਨ ਲੂਨਰ ਲੈਂਡਰ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜੋ ਪੁਲਾੜ ਯਾਤਰੀਆਂ ਨੂੰ ਲਿਜਾਏਗਾ।

ਨਾਸਾ ਦੇ ਮੁਤਾਬਕ, ਪਹਿਲਾ ਲੈਂਡਰ ਬਲੂ ਓਰੀਜਨ ਐਮੇਜ਼ਾਨ ਦੇ ਸੰਸਥਾਪਕ ਜੇਫ ਬੇਜੋਸ ਦੀ ਕੰਪਨੀ ਬਣਾ ਰਹੀ ਹੈ, ਦੂਜਾ ਲੈਂਡਰ ਐਲਨ ਮਸਕ ਦੀ ਕੰਪਨੀ ਸਪੇਸਐਕਸ ਅਤੇ ਤੀਜਾ ਲੈਂਡਰ ਡਾਇਨੇਟਿਕਸ ਕੰਪਨੀ ਬਣਾ ਰਹੀ ਹੈ। ਨਾਸਾ ਨੇ ਆਪਣੇ ਇਸ ਮਿਸ਼ਨ ਨੂੰ ਅਰਟੇਮਿਸ ਨਾਮ ਦਿੱਤਾ ਹੈ। ਇਹ ਕਈ ਪੜਾਆਂ ਵਿਚ ਹੋਵੇਗਾ, ਪਹਿਲਾ ਪੜਾਅ ਮਨੁੱਖ ਰਹਿਤ ਓਰੀਯਨ ਸਪੇਸਕ੍ਰਾਫਟ ਤੋਂ ਨਵੰਬਰ 2021 ਵਿਚ ਸ਼ੁਰੂ ਹੋਵੇਗਾ। ਮਿਸ਼ਨ ਦੇ ਦੂਜੇ ਤੇ ਤੀਜੇ ਪੜਾਅ ਵਿਚ ਪੁਲਾੜ ਯਾਤਰੀ ਚੰਨ ਦੇ ਨੇੜੇ ਚੱਕਰ ਕੱਟਣਗੇ ਅਤੇ ਚੰਨ ਦੀ ਸਤਹਿ 'ਤੇ ਉਤਰਨਗੇ, ਜੋ ਅਪੋਲੋ-11 ਮਿਸ਼ਨ ਦੀ ਤਰ੍ਹਾਂ ਇਕ ਹਫਤੇ ਤੱਕ ਚੱਲੇਗਾ। ਇਸ ਦੌਰਾਨ ਪੁਲਾੜ ਯਾਤਰੀ ਇਕ ਹਫਤੇ ਤੱਕ ਚੰਨ ਦੀ ਸਤਹਿ 'ਤੇ ਕੰਮ ਕਰਨਗੇ।

ਹੁਣ ਤੱਕ ਭੇਜੇ ਗਏ ਮਿਸ਼ਨ
ਨਾਸਾ ਦੇ ਮੁਤਾਬਕ, ਅਮਰੀਕਾ ਨੇ 1969 ਤੋਂ 1972 ਤੱਕ ਅਪੋਲੋ-11 ਸਮੇਤ 6 ਮਿਸ਼ਨ ਚੰਨ 'ਤੇ ਭੇਜੇ ਸਨ। 20 ਜੁਲਾਈ, 1969 ਨੂੰ ਅਪੋਲੋ-11 ਦੇ ਜ਼ਰੀਏ ਪਹਿਲੀ ਵਾਰ ਪੁਲਾੜ ਯਾਤਰੀ ਨਾਲ ਆਰਮਸਟਰਾਂਗ, ਐਡਵਿਨ ਓਲੀਡ੍ਰਨ ਚੰਨ ਦੀ ਜ਼ਮੀਨ 'ਤੇ ਉਤਰੇ ਸਨ।


Vandana

Content Editor Vandana