ਅਮਰੀਕਾ ਦੀ ਚਰਚ 'ਚ ਭਾਰੀ ਗੋਲੀਬਾਰੀ, ਕਈਆਂ ਦੀ ਮੌਤ ਦਾ ਖਦਸ਼ਾ
Wednesday, Aug 27, 2025 - 08:50 PM (IST)

ਮਿਨੀਏਪੋਲਿਸ/ਅਮਰੀਕਾ – ਅਮਰੀਕਾ ਦੇ ਮਿਨੀਏਪੋਲਿਸ 'ਚ ਇੱਕ ਕੈਥੋਲਿਕ ਚਰਚ 'ਚ ਅੱਜ ਸਵੇਰੇ ਭਿਆਨਕ ਗੋਲੀਕਾਂਡ ਹੋਇਆ ਜਿਸ 'ਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਸ਼ੂਟਰ ਨੇ ਸਵੇਰੇ 8:30 ਵਜੇ ਦੇ ਕਰੀਬ 54ਵੀਂ ਸਟਰੀਟ 'ਤੇ ਐਨਾਨਸੀਏਸ਼ਨ ਕੈਥੋਲਿਕ ਚਰਚ 'ਤੇ ਹਮਲਾ ਕਰ ਦਿੱਤਾ। ਇੱਕ ਕੈਥੋਲਿਕ ਗ੍ਰੇਡ ਸਕੂਲ ਚਰਚ ਨਾਲ ਜੁੜਿਆ ਹੋਇਆ ਹੈ। ਘਟਨਾ ਸਮੇਂ ਬੱਚੇ ਅਤੇ ਅਧਿਆਪਕ ਧਾਰਮਿਕ ਸਮਾਗਮ ਲਈ ਚਰਚ 'ਚ ਇਕੱਠੇ ਹੋਏ ਸਨ। ਇਨ੍ਹਾਂ 'ਚੋਂ ਕਈਆਂ ਦੇ ਗੋਲੀਆਂ ਲੱਗੀਆਂ ਹਨ। ਹਮਲੇ 'ਚ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੌਕੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਮਿਨੀਸੋਟਾ ਸਟੇਟ ਟਰੂਪਰ, ਸਥਾਨਕ ਪੁਲਸ, ਐਫਬੀਆਈ ਏਜੰਟ, ਪੈਰਾਮੈਡਿਕਸ ਅਤੇ ਕਈ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਬੰਦੂਕਧਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਗਵਰਨਰ ਦੀ ਪ੍ਰਕਿਰਿਆ
ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਮੈਨੂੰ ਐਨਾਨਸੀਏਸ਼ਨ ਕੈਥੋਲਿਕ ਸਕੂਲ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਜਿਵੇਂ-ਜਿਵੇਂ ਅਸੀਂ ਹੋਰ ਜਾਣਾਂਗੇ, ਮੈਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ। ਬੀਸੀਏ ਅਤੇ ਸਟੇਟ ਪੈਟਰੋਲ ਮੌਕੇ 'ਤੇ ਹਨ। ਮੈਂ ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਿਨ੍ਹਾਂ ਦੇ ਸਕੂਲ ਦਾ ਪਹਿਲਾ ਹਫ਼ਤਾ ਹਿੰਸਾ ਦੀ ਇਸ ਭਿਆਨਕ ਕਾਰਵਾਈ ਨਾਲ ਤਬਾਹ ਹੋ ਗਿਆ ਸੀ।"
ਜਾਂਚ ਜਾਰੀ, ਹਾਲਾਤ 'ਤੇ ਨਜ਼ਰ
ਫਿਲਹਾਲ ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਅਪਡੇਟ ਦੀ ਉਡੀਕ ਕਰਨ।