ਅਮਰੀਕਾ ’ਚ 3 ਵਿਅਕਤੀਆਂ ਦੀ ਮੌਤ ਦੇ ਮੁਲਜ਼ਮ ਪੰਜਾਬੀ ਟਰੱਕ ਡਰਾਈਵਰ ਦਾ ਭਰਾ ਵੀ ਗ੍ਰਿਫਤਾਰ
Sunday, Aug 24, 2025 - 03:38 AM (IST)

ਵਾਸ਼ਿੰਗਟਨ – ਅਮਰੀਕਾ ਦੇ ਫਲੋਰੀਡਾ ਵਿਚ 3 ਵਿਅਕਤੀਆਂ ਦੀ ਕਥਿਤ ਤੌਰ ’ਤੇ ਮੌਤ ਦੇ ਪੰਜਾਬੀ ਮੂਲ ਦੇ ਮੁਲਜ਼ਮ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਭਰਾ ਨੂੰ ਵੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਰਜਿੰਦਰ ਸਿੰਘ ਉਹ ਗੈਰ-ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੀ ਸੇਂਟ ਲੂਸੀ ਕਾਊਂਟੀ ਦੇ ਟਰਨਪਾਈਕ ’ਤੇ ਗਲਤ ਯੂ-ਟਰਨ ਲੈਣ ’ਤੇ ਹੋਏ ਹਾਦਸੇ ’ਚ 3 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਹਾਦਸੇ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਲਾਨ ਕੀਤਾ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸਾਰੇ ਵੀਜ਼ੇ ਤੁਰੰਤ ਮੁਅੱਤਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸੜਕਾਂ ’ਤੇ ਵੱਡੇ ਟਰੈਕਟਰ-ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਧ ਰਹੀ ਗਿਣਤੀ ਅਮਰੀਕੀ ਜਾਨਾਂ ਨੂੰ ਖ਼ਤਰੇ ਵਿਚ ਪਾ ਰਹੀ ਹੈ।
ਅੰਗਰੇਜ਼ੀ ’ਚ ਫੇਲ ਹੋ ਗਿਆ ਸੀ ਹਰਜਿੰਦਰ
ਹਰਜਿੰਦਰ ਸਿੰਘ ਨੂੰ ਫਲੋਰੀਡਾ ਵਾਪਸ ਲਿਆਂਦੇ ਜਾਣ ’ਤੇ ਲੈਫਟੀਨੈਂਟ ਗਵਰਨਰ ਜੇ. ਕਾਲਿੰਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਮੁਲਜ਼ਮ ਨੂੰ ਲੱਗਾ ਕਿ ਉਹ ਭੱਜ ਸਕਦਾ ਹੈ ਪਰ ਉਸ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਵਾਪਸ ਲਿਆਂਦਾ ਗਿਆ। ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਮੁਲਾਂਕਣ ਵਿਚ ਫੇਲ ਹੋ ਗਿਆ ਸੀ ਅਤੇ 12 ਮੌਖਿਕ ਸਵਾਲਾਂ ਵਿਚੋਂ ਸਿਰਫ਼ 2 ਦੇ ਸਹੀ ਜਵਾਬ ਦੇ ਸਕਿਆ ਸੀ। ਉਸ ਨੇ 4ਹਾਈਵੇਅ ਟ੍ਰੈਫਿਕ ਚਿੰਨ੍ਹਾਂ ਵਿਚੋਂ ਸਿਰਫ਼ ਇਕ ਦੀ ਪਛਾਣ ਕੀਤੀ ਸੀ ਪਰ ਫਿਰ ਵੀ ਕੈਲੀਫੋਰਨੀਆ ਤੋਂ ਲਾਇਸੈਂਸ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਸੀ।
ਗਲਤ ਤਰੀਕੇ ਨਾਲ ਜਾਰੀ ਹੋਇਆ ਸੀ ਡਰਾਈਵਿੰਗ ਲਾਇਸੈਂਸ
ਡੀ. ਐੱਚ. ਐੱਸ. ਦੀ ਸਹਾਇਕ ਸਕੱਤਰ ਟ੍ਰਿਸੀਆ ਮੈਕਲਾਘਲਿਨ ਨੇ ਇਕ ਬਿਆਨ ਵਿਚ ਕਿਹਾ ਕਿ ਫਲੋਰੀਡਾ ਵਿਚ 3 ਨਿਰਦੋਸ਼ ਲੋਕ ਇਸ ਲਈ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੇ ਕੈਲੀਫੋਰਨੀਆ ਮੋਟਰ ਵਾਹਨ ਵਿਭਾਗ ਨੇ ਇਸ ਗੈਰ-ਕਾਨੂੰਨੀ ਵਿਦੇਸ਼ੀ ਨੂੰ ਕਰਮਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਸੀ, ਇਹ ਸ਼ਾਸਨ ਵਿਵਸਥਾ ਬੇਤੁਕੀ ਹੈ।
ਮੈਕਲਾਘਲਿਨ ਨੇ ਕਿਹਾ ਕਿ ਗੇਵਿਨ ਨਿਊਸਮ ਵੱਲੋਂ ਅਮਰੀਕੀ ਜਨਤਾ ਦੀ ਸੁਰੱਖਿਆ ਨਾਲ ਖਿਲਵਾੜ ਬੰਦ ਕਰਨ ਤੋਂ ਪਹਿਲਾਂ ਹੋਰ ਕਿੰਨੇ ਬੇਕਸੂਰ ਲੋਕਾਂ ਨੂੰ ਮਰਨਾ ਪਵੇਗਾ। ਫਲੋਰੀਡਾ ਵਿਚ 3 ਮਾਸੂਮ ਲੋਕ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੇ ਕੈਲੀਫੋਰਨੀਆ ਮੋਟਰ ਵਾਹਨ ਵਿਭਾਗ ਨੇ ਇਕ ਗੈਰ-ਕਾਨੂੰਨੀ ਪ੍ਰਦੇਸੀ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ। ਡੀ. ਐੱਚ. ਐੱਸ. ਦੀ ਸਹਾਇਕ ਸਕੱਤਰ ਟ੍ਰਿਸੀਆ ਮੈਕਲਾਘਲਿਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦੇ ਹਾਂ। ਡੀ. ਐੱਚ. ਐੱਸ. ਜਨਤਾ ਦੀ ਸੁਰੱਖਿਆ ਅਤੇ ਇਨ੍ਹਾਂ ਅਪਰਾਧਕ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਅਮਰੀਕਾ ’ਚੋਂ ਬਾਹਰ ਕੱਢਣ ਲਈ 24 ਘੰਟੇ ਕੰਮ ਕਰ ਰਹੇ ਹਨ।
ਹਰਨੀਤ ਵੀ ਅਮਰੀਕਾ ’ਚ ਸੀ ਗੈਰ-ਕਾਨੂੰਨੀ ਪ੍ਰਵਾਸੀ
ਆਈ. ਸੀ. ਈ. ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਮੁਲਜ਼ਮ ਸਿੰਘ ਦੇ ਭਰਾ ਹਰਨੀਤ ਸਿੰਘ (25) ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਹਾਦਸੇ ਸਮੇਂ ਹਰਜਿੰਦਰ ਦੇ ਟਰੱਕ ਵਿਚ ਸਵਾਰ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਵੀ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ। ਹਰਜਿੰਦਰ ਸਿੰਘ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਫਲੋਰੀਡਾ ਲਿਆਂਦਾ ਗਿਆ।
ਹੋਮਲੈਂਡ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਨੇ ਕਿਹਾ ਕਿ ਸਰਹੱਦ ’ਤੇ ਗਸ਼ਤ ਕਰਨ ਵਾਲੀ ਟੀਮ ਨੇ 2023 ਵਿਚ ਹਰਨੀਤ ਸਿੰਘ ਨੂੰ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ਵਿਚ ਫੜ ਲਿਆ ਸੀ ਪਰ ਬਾਈਡੇਨ ਪ੍ਰਸ਼ਾਸਨ ਨੇ ਉਸ ਨੂੰ ਅਮਰੀਕੀ ਭਾਈਚਾਰੇ ਵਿਚ ਛੱਡ ਦਿੱਤਾ ਸੀ। ਹਰਨੀਤ ਸਿੰਘ ਹੁਣ ਉਦੋਂ ਤੱਕ ਹਿਰਾਸਤ ਵਿਚ ਰਹੇਗਾ, ਜਦੋਂ ਤੱਕ ਉਸ ਦੀ ਜਲਾਵਤਨੀ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ।
- ਅਮਰੀਕਾ ਨੇ ਵਪਾਰਕ ਟਰੱਕ ਡਰਾਈਵਰਾਂ ਦੇ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਨਾਲ ਰੋਕੇ।
- ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਮੁਲਾਂਕਣ ਵਿਚ ਫੇਲ ਹੋ ਗਿਆ ਸੀ 3 ਕਤਲਾਂ ਦਾ ਮੁਲਜ਼ਮ।
- 4 ਰਾਜਮਾਰਗ ਆਵਾਜਾਈ ਸੰਕੇਤਾਂ ਵਿਚੋਂ ਸਿਰਫ ਇਕ ਦੀ ਕਰ ਸਕਿਆ ਸੀ ਪਛਾਣ।
- ਮੁਲਜ਼ਮ ਦਾ ਭਰਾ ਹਰਨੀਤ ਵੀ 2023 ਵਿਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਇਆ ਸੀ ਅਮਰੀਕਾ ’ਚ।