ਕੈਨੇਡਾ : ਬ੍ਰਿਟਿਸ਼ ਕੋਲੰਬੀਆਂ ਦੇ ਇਕ ਫਾਰਮ ''ਚ ਜਾਨਵਰ ਮਿਲੇ ਕੋਰੋਨਾ ਪਾਜ਼ੀਟਿਵ

Friday, Dec 25, 2020 - 06:32 PM (IST)

ਕੈਨੇਡਾ : ਬ੍ਰਿਟਿਸ਼ ਕੋਲੰਬੀਆਂ ਦੇ ਇਕ ਫਾਰਮ ''ਚ ਜਾਨਵਰ ਮਿਲੇ ਕੋਰੋਨਾ ਪਾਜ਼ੀਟਿਵ

ਵੈਨਕੂਵਰ-  ਬ੍ਰਿਟਿਸ਼ ਕੋਲੰਬੀਆਂ (ਬੀ. ਸੀ.) ਦੀ ਫਰੇਜ਼ਰ ਵੈਲੀ ਦੇ ਇਕ ਹੋਰ ਫਾਰਮ ਵਿਚ 'ਮਿੰਕ' ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਖੇਤੀਬਾੜੀ, ਖੁਰਾਕ ਅਤੇ ਮੱਛੀ ਪਾਲਣ ਮੰਤਰਾਲਾ ਨੇ ਇਕ ਰਿਲੀਜ਼ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਕ ਫਾਰਮ ਵਿਚ ਇਹ ਮਾਮਲਾ ਆ ਚੁੱਕਾ ਹੈ।

ਮੰਤਰਾਲਾ ਮੁਤਾਬਕ, 19 ਤੋਂ 23 ਦਸੰਬਰ ਦਰਮਿਆਨ ਫਾਰਮ ਦੇ ਇਕ ਹਜ਼ਾਰ ਤੋਂ ਵੱਧ ਜਾਨਵਰਾਂ ਵਿਚੋਂ 23 ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਤਿੰਨ ਮਿੰਕ ਸਾਰਸ-ਕੋਵ-2 ਨਾਲ ਸੰਕ੍ਰਮਿਤ ਪਾਏ ਗਏ ਹਨ, ਜੋ ਇਨਸਾਨਾਂ ਵਿਚ ਕੋਵਿਡ-19 ਦਾ ਕਾਰਨ ਬਣਦਾ ਹੈ।

ਫਿਲਹਾਲ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਿੰਕ ਵਾਇਰਸ ਨਾਲ ਕਿਵੇਂ ਸੰਕ੍ਰਮਿਤ ਹੋਏ। ਮੰਤਰਾਲਾ ਇਸ ਸਮੇਂ ਸੰਭਾਵਤ ਸਰੋਤਾਂ ਦੀ ਪਛਾਣ ਕਰਨ ਲਈ ਵਿਭਾਗਾਂ ਨਾਲ ਕੰਮ ਕਰ ਰਿਹਾ ਹੈ।

ਬੀ. ਸੀ. ਨੇ ਫਰੇਜ਼ਰ ਵੈਲੀ ਦੇ ਫਾਰਮ ਵਿਚ ਜਾਨਵਰਾਂ ਦੇ ਸੰਪਰਕ ਵਿਚ ਕਿਸੇ ਵੀ ਤਰ੍ਹਾਂ ਨਾਲ ਆਉਣ 'ਤੇ ਰੋਕ ਲਾ ਦਿੱਤੀ ਹੈ ਅਤੇ ਫਾਰਮ ਨਿਗਰਾਨੀ ਵਿਚ ਰਹੇਗਾ। ਰਿਲੀਜ਼ ਮੁਤਾਬਕ, ਹੁਣ ਤੱਕ ਫਾਰਮ ਦਾ ਕੋਈ ਵੀ ਕਾਮਾ ਕੋਰੋਨਾ ਪਾਜ਼ੀਟਿਵ ਨਹੀਂ ਪਾਇਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਫਰੇਜ਼ਰ ਵੈਲੀ ਦੇ ਇਕ ਹੋਰ ਮਿੰਕ ਫਾਰਮ ਵਿਚ ਕੋਵਿਡ-19 ਦੇ ਮਾਮਲੇ ਪਾਏ ਗਏ ਸਨ। ਉਸ ਫਾਰਮ ਵਿਚ ਘੱਟੋ-ਘੱਟ 200 ਮਿੰਕ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਫਾਰਮ ਨਾਲ ਜੁੜੇ ਕੁੱਲ 17 ਵਿਅਕਤੀ ਬੁੱਧਵਾਰ ਤੱਕ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਸੂਬੇ ਨੇ ਬੀ. ਸੀ. ਦੇ ਐਨੀਮਲ ਹੈਲਥ ਐਕਟ ਦੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਫਾਰਮ ਦਾ ਨਾਂ ਜਾਰੀ ਨਹੀਂ ਕੀਤਾ ਹੈ। ਇਸ ਕਾਨੂੰਨ ਤਹਿਤ ਕੋਈ ਖ਼ਾਸ ਜਾਨਵਰ ਕਿੱਥੇ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਦੇਣਾ ਮਨ੍ਹਾ ਹੈ।
 


author

Sanjeev

Content Editor

Related News