ਅਮਰੀਕੀ ਵਿਦੇਸ਼ ਮੰਤਰੀ ਪਾਕਿਸਤਾਨ ਦੌਰੇ ''ਤੇ, ਕੱਲ ਭਾਰਤ ਨਾਲ ਕਰਨਗੇ ''ਟੂ ਪਲੱਸ ਟੂ'' ਵਾਰਤਾ
Wednesday, Sep 05, 2018 - 11:08 AM (IST)

ਇਸਲਾਮਾਬਾਦ (ਏਜੰਸੀ)— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਨੂੰ ਇਸਲਾਮਾਬਾਦ ਪਹੁੰਚ ਰਹੇ ਹਨ ਅਤੇ ਫਿਰ ਉਹ ਭਾਰਤ ਦੌਰੇ 'ਤੇ ਆਉਣਗੇ। ਪੋਂਪੀਓ ਨੇ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਮੀਡੀਆ ਨਾਲ ਚਰਚਾ ਕੀਤੀ। ਪੋਂਪੀਓ ਨੇ ਕਿਹਾ ਕਿ ਭਾਰਤ ਦਾ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰ੍ਰਣਾਲੀ ਅਤੇ ਈਰਾਨ ਤੋਂ ਤੇਲ ਖਰੀਦਣਾ 'ਟੂ ਪਲੱਸ ਟੂ' ਵਾਰਤਾ ਦਾ ਹਿੱਸਾ ਹੋਵੇਗਾ ਪਰ ਗੱਲਬਾਤ ਮੁੱਖ ਰੂਪ ਨਾਲ ਇਸ 'ਤੇ ਕੇਂਦਰਿਤ ਨਹੀਂ ਹੋਵੇਗੀ।
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਦੀ ਯਾਤਰਾ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਨੂੰ 30 ਕਰੋੜ ਅਮਰੀਕੀ ਡਾਲਰ ਦੀ ਫੌਜੀ ਮਦਦ ਰੱਦ ਕਰਨ ਦੇ ਕੁਝ ਦਿਨ ਬਾਅਦ ਹੋ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਇਹ ਕਦਮ ਪਾਕਿਸਤਾਨ ਦੀ ਆਪਣੀ ਸਰਹੱਦ ਅੰਦਰ ਅੱਤਵਾਦੀ ਸਮੂਹਾਂ ਵਿਰੁੱਧ ਉੱਚਿਤ ਕਾਰਵਾਈ ਨਾ ਕਰਨ ਦੀ ਵਜ੍ਹਾ ਤੋਂ ਚੁੱਕਿਆ। ਨਵੀਂ ਸਰਕਾਰ ਇਮਰਾਨ ਖਾਨ ਵੀ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ ਆਪਣੇ ਸਖਤ ਤੇਵਰ ਦਿਖਾ ਚੁੱਕੇ ਹਨ। ਅਜਿਹੇ ਵਿਚ ਅਮਰੀਕੀ ਵਿਦੇਸ਼ ਮੰਤਰੀ ਦੀ ਯਾਤਰਾ ਨੂੰ ਇਸਲਾਮਾਬਾਦ ਅਤੇ ਅਮਰੀਕਾ ਵਿਚਾਲੇ ਸਬੰਧਾਂ ਦੀ ਨਵੀਂ ਸ਼ੁਰੂਆਤ ਦੇ ਲਿਹਾਜ ਨਾਲ ਅਹਿਮ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਾਈਕ ਪੋਂਪੀਓ 6 ਸਤੰਬਰ ਨੂੰ ਨਵੀਂ ਦਿੱਲੀ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ 'ਟੂ ਪਲੱਸ ਟੂ' ਵਾਰਤਾ ਵਿਚ ਹਿੱਸਾ ਲੈਣਗੇ। ਪੋਂਪੀਓ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਦਿੱਲੀ ਵਿਖੇ ਬੈਠਕ ਕਰਨਗੇ। ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ 'ਟੂ ਪਲੱਸ ਟੂ' ਵਾਰਤਾ ਹੋਵੇਗੀ। ਇਸ ਬੈਠਕ ਨੂੰ ਦੋਹਾਂ ਹੀ ਦੇਸ਼ਾਂ ਵਿਚਾਲੇ ਸਬੰਧਾਂ ਦੇ ਲਿਹਾਜ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੋਂਪੀਓ ਨੇ ਕਿਹਾ ਕਿ ਇਹ ਅਜਿਹੀਆਂ ਚੀਜ਼ਾਂ ਹਨ, ਜੋ ਕਿ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਨ ਅਤੇ ਅਗਲੇ 20,40 ਅਤੇ 50 ਸਾਲਾਂ ਤਕ ਰਹਿਣਗੀਆਂ। ਇਹ ਅਜਿਹੇ ਵਿਸ਼ੇ ਹਨ ਜਿਨ੍ਹਾਂ 'ਤੇ ਮੈਂ ਅਤੇ ਮੈਟਿਸ ਗੱਲ ਕਰਾਂਗੇ।