ਟਰੰਪ ਦੇ ਦਬਾਅ ਵਿਚਕਾਰ ਹਿੰਸਾ 'ਤੇ ਖੁੱਲ੍ਹ ਕੇ ਬੋਲੇ ਮਾਈਕ ਪੇਂਸ, ਸੁਣਾਈਆਂ ਖਰੀਆਂ-ਖਰੀਆਂ
Thursday, Jan 07, 2021 - 09:08 AM (IST)
ਵਾਸ਼ਿੰਗਟਨ- ਅਮਰੀਕਾ ਦੇ ਕਈ ਵੱਡੇ ਰੀਪਬਲਿਕਨ ਨੇਤਾ ਨਾ ਸਿਰਫ ਅਮਰੀਕੀ ਰਾਜਧਾਨੀ ਵਿਚ ਹਿੰਸਾ ਦੀ ਸਗੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਿਆਨਬਾਜ਼ੀ ਦੀ ਵੀ ਨਿੰਦਾ ਕਰ ਰਹੇ ਹਨ। ਇਸ ਵਿਚਕਾਰ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਇਹ ਅਮਰੀਕੀ ਇਤਿਹਾਸ ਵਿਚ ਇਕ ਕਾਲਾ ਦਿਨ ਹੈ। ਉਨ੍ਹਾਂ ਕੈਪੀਟਲ ਹਿੰਸਾ ਦੀ ਨਿੰਦਾ ਕੀਤੀ ਅਤੇ ਇਸ ਵਿਚ ਹੋਈ ਮੌਤ 'ਤੇ ਅਫਸੋਸ ਕੀਤਾ। ਟਵਿੱਟਰ 'ਤੇ ਮਾਈਕ ਪੇਂਸ ਨੇ ਲਿਖਿਆ ਕਿ ਅਸੀਂ ਉਨ੍ਹਾਂ ਲੋਕਾਂ ਦੇ ਧੰਨਵਾਦੀ ਰਹਾਂਗੇ ਜਿਨ੍ਹਾਂ ਨੇ ਇਸ ਇਤਿਹਾਸਕ ਸਥਾਨ ਨੂੰ ਬਚਾਉਣ ਲਈ ਆਪਣੀ ਥਾਂ ਨਹੀਂ ਛੱਡੀ।
ਅਮਰੀਕੀ ਕਾਂਗਰਸ ਵਿਚ ਬੋਲਦਿਆਂ ਪੇਂਸ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਵੀ ਕੈਪੀਟਲ ਵਿਚ ਕਹਿਰ ਵਰ੍ਹਾਉਣ ਦੀ ਕੋਸ਼ਿਸ਼ ਕੀਤੀ, ਉਹ ਜਿੱਤ ਨਹੀਂ ਸਕਦੇ, ਹਿੰਸਾ ਕਦੇ ਨਹੀਂ ਜਿੱਤ ਸਕੀ। ਜਿੱਤ ਸੁਤੰਤਰਤਾ ਦੀ ਹੀ ਹੁੰਦੀ ਹੈ। ਇਹ ਸਦਨ ਜਨਤਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦਾ ਹੈ। ਅੱਜ ਅਸੀਂ ਇਸ ਸਦਨ ਤੋਂ ਬੋਲ ਰਹੇ ਹਾਂ ਤਾਂ ਦੁਨੀਆ ਫਿਰ ਤੋਂ ਹਿੰਸਾ ਵਿਚਕਾਰ ਸਾਡੇ ਲੋਕਤੰਤਰ ਦੇ ਲਚਕੀਲੇਪਨ ਤੇ ਉਸ ਦੀ ਤਾਕਤ ਦੀ ਗਵਾਹ ਬਣੇਗੀ।"
ਪੇਂਸ ਨੇ ਕਿਹਾ ਕਿ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਦਾ ਸਭ ਨੂੰ ਅਧਿਕਾਰ ਹੈ ਪਰ ਇੱਥੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜੋ ਵੀ ਇਸ ਵਿਚ ਸ਼ਾਮਲ ਹੈ, ਉਨ੍ਹਾਂ ਨੂੰ ਸਖ਼ਤੀ ਨਾਲ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਕੈਲੀਫੋਰਨੀਆ 'ਚ ਦੰਦਾਂ ਦੇ ਡਾਕਟਰਾਂ ਨੂੰ ਮਿਲੀ ਕੋਰੋਨਾ ਟੀਕਾ ਲਗਾਉਣ ਲਈ ਹਰੀ ਝੰਡੀ
ਪੇਂਸ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਰਾਸ਼ਟਰਪਤੀ ਟਰੰਪ ਉਨ੍ਹਾਂ 'ਤੇ ਜੋਅ ਬਾਈਡੇਨ ਨੂੰ ਜਿੱਤ ਦਾ ਸਰਟੀਫਿਕੇਟ ਨਾ ਦੇਣ ਦਾ ਦਬਾਅ ਬਣਾ ਰਹੇ ਹਨ। ਟਰੰਪ ਦਾ ਦਾਅਵਾ ਹੈ ਕਿ ਅਮਰੀਕੀ ਸੂਬੇ ਇਕ ਵਾਰ ਵੋਟਾਂ ਦੀ ਗਿਣਤੀ ਕਰਨੀ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਵੋਟਾਂ ਵਿਚ ਹੋਏ ਘੁਟਾਲੇ ਬਾਰੇ ਪਤਾ ਲੱਗ ਗਿਆ ਹੈ ਪਰ ਚੋਣ ਅਧਿਕਾਰੀ ਉਨ੍ਹਾਂ ਦੇ ਦਾਅਵੇ ਨੂੰ ਵਿਵਾਦਤ ਦੱਸਦੇ ਹਨ।
►ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ