ਨਸ਼ਾ ਪਦਾਰਥਾਂ ਦੀ ਸਮੱਗਲਿੰਗ ਦੇ ਅਮਰੀਕਾ ਦੇ ਦੋਸ਼ ਪਿੱਛੋਂ ਮੈਕਸੀਕੋ ਦੇ ਗਵਰਨਰ ਤੇ ਮੇਅਰ ਨੇ ਅਹੁਦਾ ਛੱਡਿਆ

Monday, May 04, 2026 - 05:50 PM (IST)

ਨਸ਼ਾ ਪਦਾਰਥਾਂ ਦੀ ਸਮੱਗਲਿੰਗ ਦੇ ਅਮਰੀਕਾ ਦੇ ਦੋਸ਼ ਪਿੱਛੋਂ ਮੈਕਸੀਕੋ ਦੇ ਗਵਰਨਰ ਤੇ ਮੇਅਰ ਨੇ ਅਹੁਦਾ ਛੱਡਿਆ

ਇੰਟਰਨੈਸ਼ਨਲ ਡੈਸਕ- ਅਮਰੀਕਾ ਵੱਲੋਂ ਨਸ਼ਾ ਸਮੱਗਲਿੰਗ ਦੇ ਦੋਸ਼ ਲਾਏ ਜਾਣ ਤੋਂ ਬਾਅਦ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ ਦੀ ਪਾਰਟੀ ਦੇ 2 ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਆਰਜ਼ੀ ਤੌਰ ’ਤੇ ਹਟਣ ਦਾ ਐਲਾਨ ਕੀਤਾ ਹੈ। ਉੱਤਰ-ਪੱਛਮੀ ਸਿਨਾਲੋਆ ਸੂਬੇ ਤੋਂ ਸ਼ਿਨਬਾਮ ਦੀ ਪਾਰਟੀ ਦੇ ਇਨ੍ਹਾਂ ਮੈਂਬਰਾਂ ਨੇ ਦੱਸਿਆ ਕਿ ਅਮਰੀਕਾ ਨੇ ਉਨ੍ਹਾਂ ਅਤੇ 8 ਹੋਰ ਆਗੂਆਂ ਤੇ ਸੁਰੱਖਿਆ ਅਧਿਕਾਰੀਆਂ ’ਤੇ ਨਸ਼ਾ ਸਮੱਗਲਿੰਗ ਦੇ ਦੋਸ਼ ਲਾਏ ਹਨ।

ਸ਼ੁੱਕਰਵਾਰ ਅੱਧੀ ਰਾਤ ਨੂੰ ਜਾਰੀ ਇਕ ਵੀਡੀਓ ਮੈਸੇਜ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਗਵਰਨਰ ਰੁਬੇਨ ਰੋਚਾ ਮੋਇਆ ਨੇ ਉਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਨੇ ਨਸ਼ਾ ਸਮੱਗਲਿੰਗ ਕਰਨ ਵਾਲੇ ਗਿਰੋਹ ‘ਸਿਨਾਲੋਆ ਕਾਰਟਲ’ ਨੂੰ ਸਰਪ੍ਰਸਤੀ ਦਿੱਤੀ ਅਤੇ ਲੱਖਾਂ ਡਾਲਰ ਦੀ ਰਿਸ਼ਵਤ ਦੇ ਬਦਲੇ ਅਮਰੀਕਾ ’ਚ ਨਸ਼ਾ ਸਮੱਗਲਿੰਗ ਵਿਚ ਮਦਦ ਕੀਤੀ।

ਸਿਨਾਲੋਆ ਸੂਬੇ ਦੀ ਰਾਜਧਾਨੀ ਕੁਲੀਆਕਾਨ ਦੇ ਮੇਅਰ ਜੁਆਨ ਡੀ ਡਿਓਸ ਗਾਮੇਜ਼ ਮੈਂਡੀਵਿਲ ਦਾ ਨਾਂ ਵੀ ਇਸ ਦੋਸ਼-ਪੱਤਰ ਵਿਚ ਸ਼ਾਮਲ ਹੈ। ਉਨ੍ਹਾਂ ਨੇ ਵੀ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ। ਸ਼ਨੀਵਾਰ ਨੂੰ ਹੋਈ ਇਕ ਵਿਸ਼ੇਸ਼ ਵੋਟਿੰਗ ਵਿਚ ਸੂਬੇ ਦੀ ਸਥਾਨਕ ਕਾਂਗਰਸ ਨੇ ਰੋਚਾ ਦੀ ਸਹਿਯੋਗੀ ਯੇਰਾਲਡਿਨ ਬੋਨਿਲਾ ਵਾਲਵਰਡੇ ਨੂੰ ਅੰਤਰਿਮ ਗਵਰਨਰ ਨਿਯੁਕਤ ਕੀਤਾ।


author

Harpreet SIngh

Content Editor

Related News