ਹੋਰਮੁਜ਼ ਦੀ ‘ਸਰਪ੍ਰਸਤੀ’ ''ਤੇ ਅਮਰੀਕਾ-ਈਰਾਨ ਵਿਚਾਲੇ ਸ਼ਬਦੀ ਜੰਗ, ਟਰੰਪ ਦੇ 20% ਟੈਕਸ ਦਾ ਈਰਾਨ ਨੇ ਉਡਾਇਆ ਮਜ਼ਾਕ

Tuesday, Jul 14, 2026 - 12:18 AM (IST)

ਹੋਰਮੁਜ਼ ਦੀ ‘ਸਰਪ੍ਰਸਤੀ’ ''ਤੇ ਅਮਰੀਕਾ-ਈਰਾਨ ਵਿਚਾਲੇ ਸ਼ਬਦੀ ਜੰਗ, ਟਰੰਪ ਦੇ 20% ਟੈਕਸ ਦਾ ਈਰਾਨ ਨੇ ਉਡਾਇਆ ਮਜ਼ਾਕ

ਤੇਹਰਾਨ/ਵਾਸ਼ਿੰਗਟਨ - ਅਮਰੀਕਾ ਅਤੇ ਈਰਾਨ ਵਿਚਕਾਰ ਖਾੜੀ ਖੇਤਰ ਵਿੱਚ ਵਧਦੇ ਫੌਜੀ ਤਣਾਅ ਦਰਮਿਆਨ ਹੁਣ ਸਟ੍ਰੇਟ ਆਫ਼ ਹੋਰਮੁਜ਼ ਦੀ ਸੁਰੱਖਿਆ ਅਤੇ 'ਸਰਪ੍ਰਸਤੀ' ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਰਸਤੇ 'ਤੇ 20 ਫੀਸਦੀ ਸੁਰੱਖਿਆ ਸ਼ੁਲਕ ਲਗਾਉਣ ਦੇ ਐਲਾਨ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।

ਰਾਸ਼ਟਰਪਤੀ ਟਰੰਪ ਨੇ 'ਟਰੁੱਥ ਸੋਸ਼ਲ' 'ਤੇ ਆਪਣੀ ਪੋਸਟ ਰਾਹੀਂ ਐਲਾਨ ਕੀਤਾ ਕਿ ਅਮਰੀਕਾ ਹੁਣ ਅਧਿਕਾਰਤ ਤੌਰ 'ਤੇ "ਸਟ੍ਰੇਟ ਆਫ਼ ਹੋਰਮੁਜ਼ ਦਾ ਸਰਪ੍ਰਸਤ" ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਇਸ ਸਭ ਤੋਂ ਰੁਝੇਵੇਂ ਵਾਲੇ ਸਮੁੰਦਰੀ ਰਸਤੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਰੀਕਾ ਇਸ ਰਾਹੀਂ ਗੁਜ਼ਰਨ ਵਾਲੇ ਹਰ ਕਾਰਗੋ 'ਤੇ 20 ਫੀਸਦੀ ਭਰਪਾਈ ਸ਼ੁਲਕ ਵਸੂਲੇਗਾ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਸਿਰਫ਼ ਈਰਾਨੀ ਜਹਾਜ਼ਾਂ 'ਤੇ ਨਾਕਾਬੰਦੀ ਲਗਾ ਰਿਹਾ ਹੈ, ਜਦਕਿ ਬਾਕੀ ਦੇਸ਼ਾਂ ਲਈ ਇਹ ਰਸਤਾ ਖੁੱਲ੍ਹਾ ਰਹੇਗਾ।

ਟਰੰਪ ਦੇ ਇਸ ਐਲਾਨ ਦਾ ਜਵਾਬ ਦਿੰਦਿਆਂ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਲਿਖਿਆ ਕਿ ਈਰਾਨ ਹਮੇਸ਼ਾ ਤੋਂ ਸਟ੍ਰੇਟ ਆਫ਼ ਹੋਰਮੁਜ਼ ਦਾ ਰਖਵਾਲਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਅਰਾਘਚੀ ਨੇ ਟਰੰਪ ਦੇ ਇਸ ਸਿਧਾਂਤ ਨਾਲ ਸਹਿਮਤੀ ਜਤਾਈ ਕਿ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਪਰ ਉਨ੍ਹਾਂ ਨੇ ਟਰੰਪ ਦੁਆਰਾ ਪ੍ਰਸਤਾਵਿਤ 20 ਫੀਸਦੀ ਟੈਕਸ ਨੂੰ ਬਹੁਤ ਜ਼ਿਆਦਾ ਦੱਸਿਆ। ਉਨ੍ਹਾਂ ਕਿਹਾ, "20 ਫੀਸਦੀ ਬੇਸ਼ੱਕ ਬਹੁਤ ਜ਼ਿਆਦਾ ਹੈ। ਅਸੀਂ (ਈਰਾਨ) ਨਿਰਪੱਖ ਰਹਾਂਗੇ"।

ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਵੱਧ ਰਹੀ ਇਸ ਟਕਰਾਅ ਵਾਲੀ ਸਥਿਤੀ ਨੇ ਵਿਸ਼ਵ ਵਪਾਰ ਅਤੇ ਸੁਰੱਖਿਆ ਮਾਹਿਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜਦੋਂ ਕਿ ਟ੍ਰੰਪ ਨੇ ਤੁਰੰਤ ਪ੍ਰਭਾਵ ਨਾਲ ਇਹ ਨਵੀਂ ਪ੍ਰਣਾਲੀ ਸ਼ੁਰੂ ਕਰਨ ਦੀ ਗੱਲ ਕਹੀ ਹੈ, ਈਰਾਨ ਦੇ ਤੇਵਰ ਦੱਸਦੇ ਹਨ ਕਿ ਉਹ ਇਸ ਰਸਤੇ 'ਤੇ ਆਪਣੀ ਪਕੜ ਛੱਡਣ ਨੂੰ ਤਿਆਰ ਨਹੀਂ ਹੈ।
 


author

Inder Prajapati

Content Editor

Related News