ਮੈਕਸੀਕੋ ਦੇ ਤੱਟ ''ਤੇ ਪਹੁੰਚਿਆ ਤੂਫਾਨ ਵਿਲਾ
Wednesday, Oct 24, 2018 - 11:41 AM (IST)

ਵਾਸ਼ਿੰਗਟਨ (ਭਾਸ਼ਾ)— ਪੱਛਮੀ ਮੈਕਸੀਕੋ ਵਿਚ ਮੰਗਲਵਾਰ ਨੂੰ ਹਵਾ ਦੇ ਤੇਜ਼ ਗਤੀ ਨਾਲ ਚੱਲਣ ਅਤੇ ਭਾਰੀ ਮੀਂਹ ਦੇ ਨਾਲ ਤੂਫਾਨ ਵਿਲਾ ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਆਪਣੇ ਭਿਆਨਕ ਰੂਪ ਵਿਚ ਪਹੁੰਚਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਇਸ ਤੂਫਾਨ ਦੇ ਬਹੁਤ ਖਤਰਨਾਕ ਰੂਪ ਲੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਭਾਵੇਂਕਿ ਹੁਣ ਤੱਕ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਸ਼ਕਤੀਸ਼ਾਲੀ ਤੂਫਾਨ ਜੋ ਸੋਮਵਾਰ ਨੂੰ ਤੂਫਾਨ ਦੀ ਅਧਿਕਤਮ ਸ਼੍ਰੇਣੀ 5 ਵਿਚ ਪਹੁੰਚ ਗਿਆ ਸੀ, ਉਹ ਹੁਣ ਮੈਦਾਨੀ ਖੇਤਰ ਵੱਲ ਵਧਣ ਦੇ ਨਾਲ ਹੀ ਕਮਜ਼ੋਰ ਹੋ ਕੇ ਸ਼੍ਰੇਣੀ 3 ਤੱਕ ਆ ਚੁੱਕਾ ਹੈ। ਭਾਵੇਂਕਿ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਭਿਆਨਕ ਤੂਫਾਨ ਨਾਲ ਹਾਲੇ ਵੀ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਮੈਕਸੀਕੋ ਦੀ 'ਰਾਸ਼ਟਰੀ ਮੌਸਮ ਵਿਗਿਆਨ ਸੇਵਾ' ਨੇ ਟਵਿੱਟਰ 'ਤੇ ਕਿਹਾ,''ਤੂਫਾਨ ਵਿਲਾ ਦਾ ਰੁੱਖ਼ ਹੁਣ ਸਿਨਾਲੋਆ ਸੂਬੇ ਦੇ ਐਸਕੁਈਨਾਪਾ ਸ਼ਹਿਰ ਨੇੜੇ ਤੱਟੀ ਖੇਤਰ ਵੱਲ ਹੈ।'' ਯੂ.ਐੱਸ. ਨੈਸ਼ਨਲ ਹੁਰੀਕੇਨ ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਦੱਖਣੀ-ਪੱਛਮੀ ਮੈਕਸੀਕੋ ਦੇ ਸਮੁੰਦਰੀ ਤੱਟ ਨੇੜੇ ਇਕ ਬਹੁਤ ਖਤਰਨਾਕ ਤੂਫਾਨ ਵਿਚ ਤਬਦੀਲ ਹੋ ਰਿਹਾ ਹੈ। ਮੈਕਸੀਕੋ ਦੀ ਐਮਰਜੈਂਸੀ ਸੇਵਾ ਦੇ ਪ੍ਰਮੁੱਖ ਲੁਇਸ ਫੈਲਿਪ ਪੁਏਂਟੇ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਸਾਡੇ ਕੋਲ ਹਾਲੇ ਤੱਕ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।'' ਉਨ੍ਹਾਂ ਨੇ ਕਿਹਾ ਕਿ 4,250 ਤੋਂ ਵੱਧ ਲੋਕਾਂ ਨੂੰ ਜ਼ਿਆਦਾ ਖਤਰੇ ਵਾਲੇ ਖੇਤਰ ਤੋਂ ਹਟਾਇਆ ਗਿਆ ਹੈ ਅਤੇ ਉਨ੍ਹਾਂ ਨੂੰ 58 ਅਸਥਾਈ ਕੈਂਪਾਂ ਵਿਚ ਰੱਖਿਆ ਗਿਆ ਹੈ।