ਬ੍ਰਿਸਬੇਨ ''ਚ ਯਾਦਗਾਰੀ ਹੋ ਨਿੱਬੜਿਆ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਸ਼ੋਅ

Sunday, Aug 16, 2026 - 11:53 AM (IST)

ਬ੍ਰਿਸਬੇਨ ''ਚ ਯਾਦਗਾਰੀ ਹੋ ਨਿੱਬੜਿਆ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਸ਼ੋਅ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਦੇਸੀ ਰੌਕਸ ਦੇ ਮਨਮੋਹਨ ਸਿੰਘ, ਗ੍ਰਿਫਿਨ ਕਾਲਜ ਅਤੇ ਉਨਾਂ ਦੇ ਸਹਿਯੋਗੀਆਂ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਤੇ ਗਾਇਕ ਗੁਰਸੇਵਕ ਮਾਨ ਦਾ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਵਲੋਂ ਜਦੋ ਖਚਾਖਚ ਭਰੇ ਹਾਲ ਵਿੱਚ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂਜ ਉੱਠਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਦੀ ਇਬਾਦਿਤ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਭਰਾਵਾਂ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੇ ਸੱਭਿਆਚਾਰਕ ਰੰਗਾਂ ਨਾਲ ਜੋੜਿਆ।

‘ਜੱਗ ਜਿਉਂਦਿਆਂ ਦੇ ਮੇਲੇ’ ਨਾਲ ਮਾਹੌਲ ਨੂੰ ਸੰਗੀਤਕ ਰੰਗ ਮਿਲਿਆ, ਜਦਕਿ ‘ਕਲੀ’, ‘ਤਿੰਨ ਰੰਗ ਨਹੀਂ ਮਿਲਣੇ’, ‘ਗੱਲਾਂ ਗੋਰੀਆਂ’, ‘ਹਾਏ ਮੇਰੀ ਬਿੱਲੋ’, ‘ਮੇਰਾ ਲੌਂਗ ਗੁਆਚਾ’ ਅਤੇ ਹੋਰ ਪ੍ਰਸਿੱਧ ਗੀਤਾਂ ਨੇ ਦਰਸ਼ਕਾਂ ਨੂੰ ਝੂਮਣ ਲਾਇਆ।ਦੋਵਾਂ ਭਰਾਵਾਂ ਵੱਲੋਂ ਮਿਲ ਕੇ ਕੀਤੀ ਗਈ ‘ਮਿਰਜ਼ਾ’ ਦੀ ਪੇਸ਼ਕਾਰੀ ਨੇ ਪੰਜਾਬੀ ਲੋਕ-ਗਾਥਾ ਦੇ ਅਸਲ ਵਿਰਤਾਂਤ ਨੂੰ ਮੰਚ 'ਤੇ ਸਜੀਵ ਕਰ ਦਿੱਤਾ। ਇਸ ਤੋਂ ਬਾਅਦ ‘ਤੇਰੀ ਮੇਰੀ ਜੋੜੀ’, ‘ਅੱਖੀਆਂ’, ‘ਭਿੱਜ ਗਈ ਕੁੜਤੀ ਲਾਲ’, ‘ਮੇਰਾ ਪਿੰਡ’, ‘ਕਾਲ ਜਲੰਧਰ ਤੋਂ’, ‘ਸੰਮੀ ਅਤੇ ‘ਕੱਚੇ ਕੱਚ ਦੇ ਕੰਗਣ’ ਵਰਗੇ ਗੀਤਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਹਰਭਜਨ ਮਾਨ ਦੀ ਆਵਾਜ਼ ਅਤੇ ਗੁਰਸੇਵਕ ਮਾਨ ਦੀ ਸੰਗੀਤਕ ਪੇਸ਼ਕਾਰੀ ਨੇ ਮਿਲ ਕੇ ਪੰਜਾਬੀ ਲੋਕ-ਧੁਨਾਂ, ਪਿਆਰ, ਵਿਛੋੜੇ ਅਤੇ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਨੂੰ ਵਿਦੇਸ਼ੀ ਧਰਤੀ ’ਤੇ ਮਹਿਕ ਬਿਖੇਰ ਦਿੱਤੀ।

ਖ਼ਾਸ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਤੇ ਪਰਿਵਾਰਾਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦਾ ਸੰਕੇਤ ਸੀ ਕਿ ਪੰਜਾਬੀ ਸੰਗੀਤ ਅਤੇ ਵਿਰਸੇ ਦੀਆਂ ਜੜ੍ਹਾਂ ਵਿਦੇਸ਼ ਦੀ ਧਰਤੀ 'ਤੇ ਵੀ ਮਜਬੂਤ ਹਨ। ਹਰਭਜਨ ਮਾਨ ਦੀ ਗਾਇਕੀ ਨਾਲ  ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ। ਪਰਿਵਾਰਾਂ ਨੇ ਇਕੱਠਿਆਂ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਕਈ ਗੀਤਾਂ ਦੌਰਾਨ ਦਰਸ਼ਕਾਂ ਨੇ ਮਾਨ ਭਰਾਵਾਂ ਨਾਲ ਸੁਰ ਨਾਲ ਸੁਰ ਮਿਲਾ ਕੇ ਗੀਤ ਗਾਏ। ਸਮਾਗਮ ਦੇ ਅੰਤ ‘ਚ ‘ਲੋਕ ਬੋਲੀਆਂ’ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਤੇ ਯਾਦਗਾਰੀ ਬਣਾ ਦਿੱਤਾ। ‘ਸਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਦਾ ਇਹ ਸਮਾਗਮ ਸਿਰਫ਼ ਇੱਕ ਸੰਗੀਤਕ ਸ਼ਾਮ ਨਹੀਂ, ਸਗੋਂ ਪੰਜਾਬੀ ਪਰਿਵਾਰਾਂ ਨੂੰ ਆਪਣੀ ਮਿੱਟੀ, ਲੋਕ-ਗਾਥਾਵਾਂ,ਆਪਣੀ ਮਾਂ- ਬੋਲੀ ਅਤੇ ਸੰਗੀਤ ਨਾਲ ਜੋੜਨ ਵਾਲਾ ਇੱਕ ਯਾਦਗਾਰੀ ਸੱਭਿਆਚਾਰਕ ਮੇਲਾ ਬਣਾ ਗਿਆ। 

ਇਸ ਮੌਕੇ ਸ਼ੋਅ ਦੇ ਮੁੱਖ ਪ੍ਰਬੰਧਕ ਦੇਸੀ ਰੌਕਸ ਤੋ ਮਨਮੋਹਨ ਸਿੰਘ ਨੇ ਹਰਭਜਨ ਮਾਨ ਜੀ ਅਤੇ ਗੁਰਸੇਵਕ ਮਾਨ ਜੀ ਦੇ ਲਾਈਵ ਸ਼ੋਅ ਨੂੰ ਸੋਲਡ ਆਊਟ ਬਣਾਉਣ ਲਈ ਬ੍ਰਿਸਬੇਨ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆ ਕਿਹਾ ਕਿ ਇਹ ਸੋਲਡ ਆਊਟ ਸੋਅ ਹੀ ਨਹੀਂ ਬਲਕਿ ਇਹ ਪੰਜਾਬੀ ਸੰਗੀਤ, ਪੰਜਾਬੀ ਮਾਂ-ਬੋਲੀ ਅਤੇ ਆਪਣੀ ਵਿਰਾਸਤ ਪ੍ਰਤੀ ਤੁਹਾਡੇ ਪਿਆਰ ਦਾ ਜਸ਼ਨ ਸੀ। ਤੁਹਾਡੀ ਹਾਜ਼ਰੀ, ਤੁਹਾਡਾ ਪਿਆਰ ਅਤੇ ਤੁਹਾਡਾ ਸਹਿਯੋਗ ਹੀ ਇਸ ਸ਼ਾਮ ਨੂੰ ਯਾਦਗਾਰ ਬਣਾ ਗਿਆ।ਇਸ ਕਾਮਯਾਬੀ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਬ੍ਰਿਸਬੇਨ, ਤੁਸੀਂ ਇੱਕ ਵਾਰ ਫਿਰ ਦਿਲ ਜਿੱਤ ਲਿਆ! ਤੁਹਾਡੇ ਬੇਅੰਤ ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News