ਆਸਟ੍ਰੇਲੀਆ: ਘਰ 'ਚੋਂ ਮਿਲੀ ਬਜ਼ੁਰਗ ਔਰਤ ਦੀ ਲਾਸ਼, ਫੈਲੀ ਸਨਸਨੀ
Sunday, Apr 07, 2019 - 12:00 PM (IST)

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਬਜ਼ੁਰਗ ਔਰਤ ਦਾ ਕਤਲ ਹੋਣ ਦੀ ਖਬਰ ਮਿਲੀ ਹੈ। 77 ਸਾਲਾ ਔਰਤ ਦੀ ਪਛਾਣ ਵਿਕੀ ਰਮਜ਼ਾਨ ਵਜੋਂ ਕੀਤੀ ਗਈ ਹੈ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਔਰਤ ਦੀ ਕਿਸੇ ਨਾਲ ਲੜਾਈ ਹੋਈ ਸੀ, ਹੋ ਸਕਦਾ ਹੈ ਕਿ ਉਨ੍ਹਾਂ ਨੇ ਹੀ ਉਸ ਦਾ ਕਤਲ ਕੀਤਾ ਹੋਵੇ ਜਾਂ ਇੰਝ ਵੀ ਹੋ ਸਕਦਾ ਹੈ ਕਿ ਕੋਈ ਚੋਰੀ ਕਰਨ ਦੇ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਅਤੇ ਉਸ ਨੇ ਵਿਕੀ ਦੀ ਜਾਨ ਲੈ ਲਈ। ਇਸ ਕਾਰਨ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ।
ਉਸ ਦੇ ਕਤਲ ਸਬੰਧੀ ਤਦ ਪਤਾ ਲੱਗਾ ਜਦ ਇਕ ਗੁਆਂਢੀ ਉਸ ਦੇ ਘਰ ਗਿਆ। ਉਸ ਨੇ ਦੇਖਿਆ ਕਿ ਉਸ ਦੇ ਘਰ ਦਾ ਪਿਛਲਾ ਦਰਵਾਜ਼ਾ ਟੁੱਟਾ ਪਿਆ ਸੀ ਅਤੇ ਵਿਕੀ ਦੀ ਲਾਸ਼ ਫਰਸ਼ 'ਤੇ ਡਿਗੀ ਹੋਈ ਸੀ। ਉਸ ਨੇ ਔਰਤ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪਿਛਲੇ ਕੁਝ ਸਾਲਾਂ ਤੋਂ ਵਿਕੀ ਦੇ ਘਰ ਨੂੰ ਚੋਰਾਂ ਨੇ ਕਈ ਵਾਰ ਨਿਸ਼ਾਨਾ ਬਣਾਇਆ ਸੀ ਕਿਉਂਕਿ ਇਸ ਪਾਸੇ ਵਧੇਰੇ ਘਰ ਨਹੀਂ ਹਨ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਵਿਕੀ ਨੂੰ ਆਖਰੀ ਵਾਰ 29 ਮਾਰਚ ਨੂੰ ਦੇਖਿਆ ਗਿਆ ਸੀ ਜਦ ਇਕ ਗੁਆਂਢੀ ਉਸ ਨੂੰ ਘਰ ਛੱਡ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਸ਼ਾਪਿੰਗ ਸੈਂਟਰ 'ਚ ਜਾਂਦੀ ਰਹਿੰਦੀ ਸੀ ਅਤੇ ਇੱਥੇ ਵੀ ਉਸ ਦੀ ਕਿਸੇ ਨਾਲ ਲੜਾਈ ਹੋਈ ਸੀ।