ਮੈਲਬੋਰਨ ਦੀ ਰੁਪਿੰਦਰ ਸੰਧੂ ਨੇ ਕੌਮਾਂਤਰੀ ਕੁਸ਼ਤੀ ਮੁਕਾਬਲੇ ''ਚ ਜਿੱਤਿਆ ਕਾਂਸੀ ਦਾ ਤਗਮਾ

12/18/2017 3:36:40 AM

ਮੈਲਬੋਰਨ (ਮਨਦੀਪ ਸੈਣੀ)- ਮੈਲਬੋਰਨ ਸ਼ਹਿਰ ਦੀ ਵਸਨੀਕ ਪੰਜਾਬਣ ਰੁਪਿੰਦਰ ਸੰਧੂ ਨੇ ਦੱਖਣੀ ਅਫਰੀਕਾ ਦੇ ਸ਼ਹਿਰ ਜੌਹਾਨਸਬਰਗ ਵਿਚ ਹੋ ਰਹੀਆਂ ਰਾਸ਼ਟਰ ਮੰਡਲ ਚੈਂਪੀਅਨਸ਼ਿਪ 2017 ਦੇ ਕੁਸ਼ਤੀ ਮੁਕਾਬਲਿਆਂ ਦੇ 50 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਰੁਪਿੰਦਰ ਨੇ ਇਹ ਸਫਰ ਤੈਅ ਕਰਦਿਆਂ ਦੱਖਣੀ ਅਫਰੀਕਾ ਅਤੇ ਸਿੰਗਾਪੁਰ ਦੇ ਵਿਰੋਧੀ ਪਹਿਲਵਾਨਾਂ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਕੇ ਸਮੁੱਚੇ ਆਸਟ੍ਰੇਲੀਆ ਖਾਸ ਕਰਕੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੁਪਿੰਦਰ ਮਈ ਮਹੀਨੇ ਸਿਡਨੀ ਸ਼ਹਿਰ ਵਿਚ ਹੋਏ ਕੌਮੀ ਕੁਸ਼ਤੀ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੀ ਹੈ।
ਜੌਹਾਨਸਬਰਗ ਤੋਂ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰੁਪਿੰਦਰ ਨੇ ਦੱਸਿਆ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਇਸ ਕੌਮਾਂਤਰੀ ਮੁਕਾਬਲੇ ਵਿਚ ਤਗਮਾ ਜਿੱਤਣ ਨਾਲ ਉਸ ਦੀ ਖੇਡ ਪ੍ਰਤਿਭਾ ਵਿਚ ਹੋਰ ਨਿਖਾਰ ਆਇਆ ਹੈ। ਅਪ੍ਰੈਲ ਮਹੀਨੇ ਆਸਟ੍ਰੇਲੀਆ ਦੇ ਸ਼ਹਿਰ ਗੋਲਡਕੋਸਟ ਵਿਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਦਿਆਂ ਇਕ ਹੋਰ ਜੇਤੂ ਖਿਤਾਬ ਜਿੱਤਣ ਲਈ ਆਸਵੰਦ ਨਜ਼ਰ ਆ ਰਹੀ ਹੈ। ਜ਼ਿਲਾ ਤਰਨਤਾਰਨ ਦੇ ਪਿੰਡ ਹਰੀਕੇ ਪੱਤਣ ਨਾਲ ਸੰਬੰਧਤ ਰੁਪਿੰਦਰ ਸੰਧੂ ਨੂੰ ਇਸ ਮਾਣਮੱਤੀ ਪ੍ਰਾਪਤੀ 'ਤੇ ਸਭ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।

 


Related News