ਮੈਲਬੌਰਨ ''ਚ 19 ਲੋਕਾਂ ਨੂੰ ਕੁਚਲਣ ਵਾਲੇ ''ਤੇ ਲੱਗੇ ਦੋਸ਼

12/23/2017 1:17:01 PM

ਮੈਲਬੌਰਨ (ਏਜੰਸੀ)— ਬੀਤੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਕਾਰ ਨਾਲ 19 ਪੈਦਲ ਯਾਤਰੀਆਂ ਨੂੰ ਕੁਚਲਣ ਵਾਲੇ ਹਮਲਾਵਰ 'ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ। ਸ਼ਨੀਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਦੋਸ਼ੀ ਹਮਲਾਵਰ ਦੀ ਪਛਾਣ 32 ਸਾਲਾ ਸਈਦ ਨੂਰੀ ਵਜੋਂ ਹੋਈ ਹੈ, ਜੋ ਕਿ ਅਫਗਾਨਿਸਤਾਨ ਮੂਲ ਦਾ ਹੈ ਅਤੇ ਕੁਝ ਸਾਲ ਪਹਿਲਾਂ ਹੀ ਉਹ ਆਸਟ੍ਰੇਲੀਆ ਆਇਆ ਸੀ। ਅਦਾਲਤ ਨੇ ਨੂਰੀ 'ਤੇ 19 ਲੋਕਾਂ ਦੀ ਜਾਨ ਖਤਰੇ 'ਚ ਪਾਉਣ ਅਤੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ। 

PunjabKesari
ਅਦਾਲਤ 'ਚ ਪੇਸ਼ੀ ਲਈ ਲਿਜਾਉਣ ਸਮੇਂ ਉਸ ਨੇ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕਿਆ ਹੋਇਆ ਸੀ। ਪੁਲਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਜਾਂਚ ਕਰ ਰਹੇ ਹਨ ਕਿ ਹਮਲਾ ਅੱਤਵਾਦ ਨਾਲ ਸੰਬੰਧਤ ਤਾਂ ਨਹੀਂ ਸੀ।
ਦੱਸਣਯੋਗ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਮੈਲਬੌਰਨ ਦੇ ਫਲਿੰਡਰਸ ਸਟਰੀਟ ਨੇੜੇ ਟਰੇਨ ਸਟੇਸ਼ਨ 'ਚ ਇਕ ਸਫੈਦ ਰੰਗ ਦੀ ਕਾਰ ਨੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ ਸੀ। ਹਾਦਸੇ 'ਚ 9 ਵਿਦੇਸ਼ੀ ਨਾਗਰਿਕਾਂ ਸਮੇਤ 19 ਲੋਕ ਜ਼ਖਮੀ ਹੋ ਗਏ। 3 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੌਰਾਨ ਇਕ ਇਕ ਬੱਚਾ ਵੀ ਜ਼ਖਮੀ ਹੋਇਆ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।


Related News