ਆਸਟ੍ਰੇਲੀਆ : ਖਸਰੇ ਦੀ ਲਪੇਟ ''ਚ ਆਏ ਦੋ ਵਿਅਕਤੀ, ਚਿਤਾਵਨੀ ਜਾਰੀ
Saturday, Aug 24, 2019 - 02:46 PM (IST)

ਸਿਡਨੀ— ਆਸਟ੍ਰੇਲੀਆ 'ਚ ਇਕ ਵਾਰ ਫਿਰ ਖਸਰਾ ਫੈਲਣ ਦੀ ਖਬਰ ਮਿਲੀ ਹੈ। ਤਾਜ਼ਾ ਜਾਣਕਾਰੀ ਮੁਤਾਬਕ 2 ਵਿਅਕਤੀ ਖਸਰੇ (ਮਾਇਜ਼ਲ) ਦੀ ਲਪੇਟ 'ਚ ਆ ਗਏ ਹਨ। ਨਿਊ ਸਾਊਥ ਵੇਲਜ਼ 'ਚ ਰਹਿਣ ਵਾਲੇ ਦੱਖਣੀ ਅਮਰੀਕੀ ਅਤੇ ਨਿਊਜ਼ੀਲੈਂਡ ਦੇ ਦੋ ਵਿਅਕਤੀ ਖਸਰੇ ਤੋਂ ਪੀੜਤ ਹਨ।
ਸਿਹਤ ਅਧਿਕਾਰੀਆਂ ਵਲੋਂ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਅਜੇ ਤਕ ਖਸਰੇ ਤੋਂ ਬਚਣ ਲਈ ਟੀਕਾ ਨਹੀਂ ਲਗਵਾਇਆ, ਉਹ ਜਲਦੀ ਹੀ ਟੀਕਾਕਰਣ ਕਰਵਾ ਲੈਣ। ਇਨ੍ਹਾਂ 'ਚੋਂ ਇਕ ਵਿਅਕਤੀ ਪਿਛਲੇ ਵੀਰਵਾਰ ਭਾਵ 15 ਅਗਸਤ ਨੂੰ ਹੇਜ਼ਲਬਰੂਕ ਤੋਂ ਸੈਂਟਰਲ ਇਲਾਕੇ ਵੱਲ ਟਰੇਨ ਰਾਹੀਂ ਗਿਆ ਸੀ। ਇਸ ਤੋਂ ਬਾਅਦ ਉਹ ਕੁਝ ਹੋਰ ਕਈ ਥਾਵਾਂ 'ਤੇ ਵੀ ਗਿਆ ਤੇ ਬਾਅਦ 'ਚ ਉਸ ਦੇ ਸਰੀਰ 'ਤੇ ਲਾਲ ਨਿਸ਼ਾਨ ਪੈ ਗਏ।
ਉਨ੍ਹਾਂ ਦੋਹਾਂ ਨੂੰ ਬੁਖਾਰ, ਅੱਖਾਂ ਸੁੱਜਣ ਅਤੇ ਖਾਂਸੀ ਆਦਿ ਦੀਆਂ ਸਮੱਸਿਆਵਾਂ ਸਨ। ਉਨ੍ਹਾਂ ਦੇ ਸਰੀਰ 'ਤੇ ਲਾਲ ਦਾਗ ਤੇ ਦਾਣੇ ਹੋ ਗਏ ਹਨ। ਦੋਵੇਂ ਮਰੀਜ਼ ਇਸ ਸਮੇਂ ਹਸਪਤਾਲ 'ਚ ਭਰਤੀ ਹਨ। ਜਾਂਚ ਮਗਰੋਂ ਪਤਾ ਲੱਗਾ ਕਿ ਇਨ੍ਹਾਂ 'ਚੋਂ ਇਕ ਵਿਅਕਤੀ ਨੇ ਖਸਰੇ ਤੋਂ ਬਚਣ ਲਈ ਟੀਕਾ ਲਗਵਾਇਆ ਹੀ ਨਹੀਂ ਸੀ ਤੇ ਦੂਜੇ ਨੇ ਛੋਟੀ ਉਮਰ 'ਚ ਇਕੋ ਟੀਕਾ ਲਗਵਾਇਆ ਸੀ, ਜਦ ਕਿ ਡਾਕਟਰਾਂ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਲੋਕ ਦੂਜੀ ਵਾਰ ਟੀਕਾ ਜ਼ਰੂਰ ਲਗਵਾਉਣ ਤਾਂ ਕਿ ਇਸ ਬੀਮਾਰੀ ਤੋਂ ਬਚਿਆ ਜਾ ਸਕੇ। ਡਾਕਟਰਾਂ ਨੇ ਦੱਸਿਆ ਕਿ ਇਸ ਬੀਮਾਰੀ ਦੇ ਲੱਛਣ 18 ਕੁ ਦਿਨਾਂ ਤਕ ਦਿਖਾਈ ਦਿੰਦੇ ਹਨ।