ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਦੀ ਬੀਬੀ ਨੂੰ ਬੋਲੀ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣੋਂ ਕੀਤੀ ਨਾਂਹ
Thursday, Sep 24, 2026 - 03:42 AM (IST)
ਇਟਲੀ (ਦਲਵੀਰ ਸਿੰਘ ਕੈਂਥ) : ਇਟਲੀ ਵਿੱਚ ਜਿਹੜੇ ਲੋਕ ਕਾਮਯਾਬੀ ਦਾ ਇਤਿਹਾਸ ਰਚਣ ਦੇ ਸੁਪਨੇ ਦੇਖਦੇ ਹਨ, ਇਹ ਖ਼ਬਰ ਉਹਨਾਂ ਲਈ ਵਿਸ਼ੇਸ਼ ਹੈ ਕਿ ਜੇਕਰ ਉਹਨਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾਂ ਗਿਆਨ ਨਹੀ ਹੈ ਤਾਂ ਉਹ ਜਿੱਤੀ ਹੋਈ ਬਾਜ਼ੀ ਵੀ ਹਾਰ ਸਕਦੇ ਹਨ, ਕਿਉਂਕਿ ਹੁਣ ਇਟਲੀ ਦੀਆਂ ਕਈ ਨਗਰ ਪਾਲਿਕਾਵਾਂ ਉਹਨਾਂ ਲੋਕਾਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਮੁਨਕਰ ਹੋ ਰਹੀਆਂ ਹਨ, ਜਿਹਨਾਂ ਨੂੰ ਇਟਾਲੀਅਨ ਭਾਸ਼ਾ ਦਾ "ੳ ਅ" ਨਹੀਂ ਆਉਂਦਾ। ਭਾਵ ਢੁੱਕਵਾਂ ਗਿਆਨ ਨਹੀਂ। ਇਟਲੀ ਵਿੱਚ ਇਟਾਲੀਅਨ ਭਾਸ਼ਾ ਦੀ ਕੀ ਮੱਹਤਵਤਾ ਹੈ, ਇਹ ਗੱਲ ਉਸ ਮੋਰੱਕੋ ਮੂਲ ਦੀ ਬੀਬੀ ਨੂੰ ਪੁੱਛੋ ਜਿਸ ਨੂੰ ਬੀਤੇ ਦਿਨ ਇਟਾਲੀਅਨ ਨਾਗਰਿਕਤਾ ਮਿਲਣੀ ਸੀ ਪਰ ਅਫ਼ਸੋਸ ਬੀਬੀ ਨੂੰ ਇਟਾਲੀਅਨ ਭਾਸ਼ਾ ਦਾ "ਅਲਫ਼ ਬੇ "ਵੀ ਪਤਾ ਨਹੀਂ ਸੀ ਜਿਸ ਕਾਰਨ ਉਸਦੇ ਚਾਅ ਵਿੱਚ ਹੀ ਰਹਿ ਗਏ।

ਹੋਇਆ ਇੰਝ ਕਿ ਇੱਕ ਮੋਰੱਕੋ ਮੂਲ ਦੀ ਬੀਬੀ ਜਿਸ ਨੇ ਕਿ ਸੂਬਾ ਵੇਨੇਤੋ ਜ਼ਿਲ੍ਹਾ ਪਾਦੁਆ ਦੇ ਸ਼ਹਿਰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਕੋਲੋ ਇਟਾਲੀਅਨ ਨਾਗਰਿਕਤਾ ਲੈਣ ਲਈ ਸਹੁੰ ਚੁੱਕਣੀ ਸੀ। ਜਦੋਂ ਇਹ ਬੀਬੀ ਨਗਰ ਪਾਲਿਕਾ ਦੇ ਮੇਅਰ ਸਾਹਿਬ ਦੇ ਦਫ਼ਤਰ ਗਈ ਤਾਂ ਅੱਗੋਂ ਮੇਅਰ ਸਾਹਿਬ ਨੇ ਜਦੋਂ ਬੀਬੀ ਤੋਂ ਉਸ ਦਾ ਨਾਮ ਤੇ ਹਾਲ-ਚਾਲ ਪੁੱਛਿਆ ਤਾਂ ਬੀਬੀ ਮੇਅਰ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੀ। ਇਹ ਦੇਖ ਮੇਅਰ ਸਾਹਿਬ ਹੈਰਾਨ ਰਹਿ ਗਏ ਕਿ ਜਿਸ ਬੀਬੀ ਨੇ ਇਟਾਲੀਅਨ ਨਾਗਰਿਕਤਾ ਲੈਣੀ ਹੈ, ਉਸ ਨੂੰ ਇਟਾਲੀਅਨ ਭਾਸ਼ਾ ਦਾ ਕੋਈ ਗਿਆਨ ਨਹੀਂ ਜਿਸ ਕਾਰਨ ਇਹ ਬੀਬੀ ਨਾਗਰਿਕਤਾ ਲੈਣ ਦੀ ਹੱਕਦਾਰ ਨਹੀਂ ਬੇਸ਼ੱਕ ਕਿ ਉਸ ਨੇ ਭਾਸ਼ਾ ਨੂੰ ਛੱਡ ਸਾਰੀਆਂ ਸ਼ਰਤਾਂ ਪੂਰੀਆਂ ਕੀਤੀ ਹਨ। ਮੇਅਰ ਨੇ ਉਸ ਬੀਬੀ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਿਆਂ ਭਾਸ਼ਾ ਸਿੱਖ ਕਿ ਆਉਣ ਦੀ ਗੱਲ ਕਹਿ ਦਿੱਤਾ।
ਇਸ ਸਾਰੇ ਘਟਨਾਕ੍ਰਮ ਨੂੰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਨੇ ਉਸੇ ਦਿਨ ਆਪਣੇ ਵੱਲੋਂ ਸੋਸ਼ਲ ਮੀਡੀਏ ਉਪੱਰ ਸਾਂਝਾ ਕਰਦਿਆਂ ਕਿਹਾ ਕਿ ਉਹ ਅਕਸਰ ਉਹਨਾਂ ਲੋਕਾਂ ਨੂੰ ਮਿਲਦੇ ਹਨ ਜਿਹੜੇ ਕਿ ਵਿਦੇਸ਼ੀ ਮੂਲ ਦੇ ਹੁੰਦੇ ਹਨ ਤੇ ਕਾਨੂੰਨ ਦੀ ਸਾਰੀ ਪ੍ਰਕਿਆ ਪੂਰੀ ਕਰ ਅੰਤ ਵਿੱਚ ਲੋੜੀਂਦੀ ਸਹੁੰ ਚੁੱਕਣ ਵਾਲੇ ਹੁੰਦੇ ਹਨ। ਇਹ ਹਮੇਸ਼ਾ ਇੱਕ ਮਹੱਤਵਪੂਰਨ ਕਾਰਵਾਈ ਹੁੰਦੀ ਹੈ। ਇਤਾਲਵੀ ਨਾਗਰਿਕ ਬਣਨ ਦਾ ਮਤਲਬ ਹੈ ਇਟਾਲੀਅਨ ਭਾਈਚਾਰੇ ਨੂੰ ਪੂਰੀ ਤਰ੍ਹਾਂ ਅਪਣਾਉਣਾ,ਅਧਿਕਾਰ ਪ੍ਰਾਪਤ ਕਰਨੇ ਪਰ ਨਾਲ ਹੀ ਦੇਸ਼ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਦਿਲੋਂ ਸਤਿਕਾਰ ਦੇਣਾ, ਇਤਾਲਵੀ ਨਾਗਰਿਕਤਾ ਲੈਣ ਲਈ ਜਿਵੇਂ ਹੋਰ ਕਈ ਸ਼ਰਤਾਂ ਹਨ, ਉੱਥੇ ਇਟਾਲੀਅਨ ਭਾਸ਼ਾ ਦਾ ਢੁੱਕਵਾਂ ਗਿਆਨ ਹੋਣਾ ਵੀ ਲਾਜ਼ਮੀ ਹੈ।
ਇਹ ਵੀ ਪੜ੍ਹੋ : ਓਮਾਨ ਨੇੜੇ ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹਮਲਾ, ਇਕ ਭਾਰਤੀ ਵਿਅਕਤੀ ਦੀ ਮੌਤ
ਹਾਲਾਂਕਿ ਕਿ ਅੱਜ ਉਹਨਾਂ ਆਪਣੇ ਕਾਰਜਕਾਲ ਵਿੱਚ ਪਹਿਲੀ ਵਾਰ ਅਜਿਹਾ ਕੇਸ ਦੇਖਿਆ ਜਿਸ ਵਿੱਚ ਇਟਾਲੀਅਨ ਨਾਗਰਿਕਤਾ ਲੈਣ ਵਾਲਾ ਵਿਅਕਤੀ ਇਤਾਲਵੀ ਭਾਸ਼ਾ ਦੇ ਸਰਲ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਿਆ ਤੇ ਨਾ ਹੀ ਸਹੁੰ ਵਾਲਾ ਬਿਆਨ ਖੁੱਲ੍ਹ ਕੇ ਪੜ੍ਹ ਸਕਿਆ। ਇਸ ਕਾਰਵਾਈ ਵਿੱਚ ਮੇਅਰ ਨੇ ਕਿਹਾ ਕਿ ਉਸ ਨੇ ਆਪਣੇ ਫਰਜ਼ ਨੂੰ ਅੰਜਾਮ ਦਿੰਦਿਆਂ ਮੋਰੱਕੋ ਮੂਲ ਦੀ ਔਰਤ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਹੜਾ ਕਿ ਉਹਨਾਂ ਲੋਕਾਂ ਲਈ ਸਬਕ ਹੋਵੇਗਾ ਜਿਹੜੇ ਕਿ ਇਟਲੀ ਦੀ ਨਾਗਰਿਕਤਾ ਲੈਣੀ ਚਾਹੁੰਦੇ ਹਨ ਪਰ ਇਤਾਲਵੀ ਭਾਸ਼ਾ ਵਿੱਚ ਜੀਰੋ ਹਨ। ਜ਼ਿਕਰਯੋਗ ਹੈ ਕਿ ਅਜਿਹੇ ਕੇਸ ਇਟਲੀ ਭਰ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਹਨਾਂ ਕਾਰਨ ਉਹਨਾਂ ਲੋਕਾਂ ਦੇ ਚਿਹਰਿਆਂ ਦੇ ਰੰਗ ਵੀ ਪੀਲੇ ਪੈ ਗਈ ਜਿਹਨਾਂ ਇਤਾਲਵੀ ਬੋਲੀ ਦੇ ਸਰਟੀਫਿਕੇਟ ਮੁੱਲ ਲੈ ਕਿ ਸਿਟੀਜ਼ਨ ਦੀ ਅਰਜ਼ੀ ਦਿੱਤੀ ਹੋਈ ਹੈ ਜਦੋਂਕਿ ਉਹਨਾਂ ਲੋਕਾਂ ਦਾ ਹੱਥ ਬੋਲੀ ਵਿੱਚ ਤੰਗ ਹੈ। ਅਜਿਹੇ ਲੋਕਾਂ ਦਾ ਹੁਣ ਕੀ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਪੱਕੀ ਹੈ ਕਿ ਭਵਿੱਖ ਵਿੱਚ ਬਿਨਾਂ ਇਟਾਲੀਅਨ ਭਾਸ਼ਾ ਕਾਮਯਾਬ ਹੋਣਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
