ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਇੱਕੋ ਦਿਨ ਦੋ ਮੈਰਾਥਨ ਦੌੜ ਕੇ ਬਣਾਇਆ ਨਵਾਂ ਰਿਕਾਰਡ

Saturday, Oct 03, 2026 - 11:41 PM (IST)

ਕੌਂਸਲਰ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਇੱਕੋ ਦਿਨ ਦੋ ਮੈਰਾਥਨ ਦੌੜ ਕੇ ਬਣਾਇਆ ਨਵਾਂ ਰਿਕਾਰਡ

ਲੰਡਨ (ਸਰਬਜੀਤ ਸਿੰਘ ਬਨੂੜ) - ਸਮਾਜ ਸੇਵਾ ਅਤੇ ਮੈਰਾਥਨ ਦੌੜਾਂ ਨਾਲ ਲੰਮੇ ਸਮੇਂ ਤੋਂ ਜੁੜੇ ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਇੱਕੋ ਦਿਨ ਵਿੱਚ ਦੋ ਪੂਰੀਆਂ ਮੈਰਾਥਨ ਦੌੜ ਕੇ ਕਰੀਬ 84 ਕਿਲੋਮੀਟਰ ਦਾ ਸਫ਼ਰ ਪੂਰਾ ਕਰਦਿਆਂ ਇੱਕ ਹੋਰ ਵਿਲੱਖਣ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਇਸ ਦੌੜ ਰਾਹੀਂ ਉਨ੍ਹਾਂ ਨੇ 595 ਪੌਂਡ ਦੀ ਰਕਮ ਇਕੱਠੀ ਕੀਤੀ, ਜੋ ਹਿਲਿੰਗਡਨ ਆਟਿਸਟਿਕ ਕੇਅਰ ਐਂਡ ਸਪੋਰਟ ਲਈ ਸਮਰਪਿਤ ਕੀਤੀ ਗਈ।

ਜਗਜੀਤ ਸਿੰਘ ਹਰਦੋ ਪ੍ਰਹੌਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕੋ ਦਿਨ ਵਿੱਚ 84 ਕਿਲੋਮੀਟਰ ਦੌੜ ਪੂਰੀ ਕਰਕੇ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੌੜ ਸਿਰਫ਼ ਖੇਡ ਜਾਂ ਨਿੱਜੀ ਪ੍ਰਾਪਤੀ ਨਹੀਂ, ਸਗੋਂ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦਾ ਇੱਕ ਜ਼ਰੀਆ ਵੀ ਹੈ।

ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਹਰਦੋ ਪ੍ਰਹੌਲਾ ਦਸਤਾਰ ਸਜਾ ਕੇ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦੇ ਹਨ। 600 ਤੋਂ ਵੱਧ ਮੈਰਾਥਨ ਦੌੜਾਂ ਪੂਰੀਆਂ ਕਰ ਚੁੱਕੇ ਜਗਜੀਤ ਸਿੰਘ ਨੇ ਆਪਣੀ ਦੌੜ ਨੂੰ ਸਿਰਫ਼ ਖੇਡ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਚੈਰਿਟੀ ਅਤੇ ਸਮਾਜ ਸੇਵਾ ਨਾਲ ਜੋੜਿਆ ਹੈ। ਸਿਰ ’ਤੇ ਦਸਤਾਰ ਅਤੇ ਦਿਲ ਵਿੱਚ ਸੇਵਾ ਦਾ ਜਜ਼ਬਾ ਲੈ ਕੇ ਦੌੜਨਾ ਉਨ੍ਹਾਂ ਦੀ ਵੱਖਰੀ ਪਛਾਣ ਬਣ ਚੁੱਕੀ ਹੈ।

ਜਗਜੀਤ ਸਿੰਘ ਪੇਸ਼ੇ ਵਜੋਂ ਡਨਾਟਾ ਕੈਟਰਿੰਗ ਵਿੱਚ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਲੰਡਨ ਦੇ ਹਿਲਿੰਗਡਨ ਬਰੋ ਵਿੱਚ ਲਗਾਤਾਰ ਕੌਂਸਲਰ ਵਜੋਂ ਵੀ ਸੇਵਾ ਨਿਭਾਉਂਦੇ ਆ ਰਹੇ ਹਨ। ਰੁਝੇਵਿਆਂ ਭਰੀ ਪੇਸ਼ੇਵਰ ਅਤੇ ਜਨਤਕ ਜ਼ਿੰਦਗੀ ਦੇ ਬਾਵਜੂਦ ਮੈਰਾਥਨ ਦੌੜਾਂ ਅਤੇ ਚੈਰਿਟੀ ਕਾਰਜਾਂ ਨਾਲ ਉਨ੍ਹਾਂ ਦੀ ਲਗਾਤਾਰ ਸਾਂਝ ਉਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਮੌਕੇ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਭਵਿੱਖ ਵਿੱਚ ਵੀ ਦੌੜ ਰਾਹੀਂ ਚੈਰਿਟੀ ਕਾਰਜਾਂ ਲਈ ਵੱਧ ਤੋਂ ਵੱਧ ਸਹਿਯੋਗ ਇਕੱਠਾ ਕਰਨ ਅਤੇ ਸਮਾਜ ਵਿੱਚ ਸੇਵਾ ਦਾ ਸੁਨੇਹਾ ਪਹੁੰਚਾਉਣ ਦੀ ਰਹੇਗੀ।
 


author

Inder Prajapati

Content Editor

Related News