ਪੇਸ਼ਾਵਰ ਬੰਬ ਧਮਾਕੇ ’ਤੇ ਭੜਕੀ ਮਰੀਅਮ ਨਵਾਜ਼, ਇਮਰਾਨ ਖ਼ਾਨ ’ਤੇ ਕੱਢਿਆ ਗੁੱਸਾ
Thursday, Feb 02, 2023 - 11:24 AM (IST)
ਮੁੰਬਈ (ਬਿਊਰੋ)– ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ’ਚ ਹੋਏ ਅੱਤਵਾਦੀ ਹਮਲੇ ’ਚ 97 ਪੁਲਸ ਕਰਮਚਾਰੀਆਂ ਸਮੇਤ 101 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ’ਚ ਕੁਝ ਵੱਡੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਇਸ ਸਭ ਦੇ ਵਿਚਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਤੇ ਪੀ. ਐੱਮ. ਐੱਲ.-ਐੱਨ. ਨੇਤਾ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ’ਤੇ ਆਪਣਾ ਗੁੱਸਾ ਕੱਢਿਆ ਹੈ।
ਮਰੀਅਮ ਨੇ ਦੇਸ਼ ’ਚ ਵਧਦੇ ਅੱਤਵਾਦੀ ਹਮਲਿਆਂ ਤੇ ਹਾਲ ਹੀ ’ਚ ਪੇਸ਼ਾਵਰ ’ਚ ਹੋਏ ਹਮਲੇ ’ਤੇ ਇਮਰਾਨ ਖ਼ਾਨ ਨੂੰ ਘੇਰਦਿਆਂ ਕਿਹਾ ਕਿ ਪੀ. ਐੱਮ. ਐੱਲ.-ਐੱਨ. ਨੇ ਦੇਸ਼ ’ਚੋਂ ਅੱਤਵਾਦ ਦਾ ਖ਼ਾਤਮਾ ਕਰ ਦਿੱਤਾ ਸੀ ਪਰ ਇਮਰਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਅੱਤਵਾਦ ਨੇ ਫਿਰ ਸਿਰ ਚੁੱਕ ਲਿਆ ਹੈ।
ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਸਾਬਕਾ ਮੁਖੀ ਫੈਜ਼ ਹਾਮਿਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਉਨ੍ਹਾਂ ਨੂੰ ਆਪਣੀਆਂ ਅੱਖਾਂ, ਕੰਨ ਤੇ ਨੱਕ ਕਹਿੰਦੇ ਸਨ। ਉਹ ਖੈਬਰ ਪਖਤੂਨਖਵਾ ’ਚ ਤਾਇਨਾਤ ਸੀ ਤੇ ਉਸ ਨੇ ਅੱਤਵਾਦੀਆਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਇਮਰਾਨ ਖ਼ਾਨ ਦੀਆਂ ਅੱਖਾਂ, ਕੰਨ ਤੇ ਨੱਕ ਬਣ ਕੇ ਘੁੰਮਦਾ ਇਹ ਵਿਅਕਤੀ ਜੇਕਰ ਪਾਕਿਸਤਾਨ ਦੀਆਂ ਅੱਖਾਂ, ਕੰਨ ਤੇ ਨੱਕ ਬਣ ਗਿਆ ਹੁੰਦਾ ਤਾਂ ਦੇਸ਼ ਨੂੰ ਇਹ ਦਿਨ ਨਾ ਦੇਖਣੇ ਪੈਂਦੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡੀਅਨ ਸੰਸਦ ਮੈਂਬਰਾਂ ਨੇ 10,000 ਉਇਗਰ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਕੀਤੀ ਹਮਾਇਤ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਮੇਜਰ ਤੇ ਇਮਰਾਨ ਖ਼ਾਨ ਦੇ ਸਮਰਥਕ ਆਦਿਲ ਰਜ਼ਾ ਨੇ ਵੱਡਾ ਦਾਅਵਾ ਕੀਤਾ ਹੈ। ਆਦਿਲ ਰਜ਼ਾ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਨੇ ਹੀ ਪੇਸ਼ਾਵਰ ਦੀ ਮਸਜਿਦ ਨੂੰ ਉਡਾਇਆ ਸੀ।
ਆਦਿਲ ਰਜ਼ਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇ ਕੇ ਪਾਕਿ ਫੌਜ ਚੋਣਾਂ ’ਚ ਦੇਰੀ ਕਰਨਾ ਚਾਹੁੰਦੀ ਹੈ। ਆਦਿਲ ਨੇ ਕਿਹਾ, ‘‘ਫੌਜ ’ਚ ਮੇਰੇ ਸੂਤਰ ਯਾਨੀ ਫੌਜੀ ਅਫਸਰ ਕਹਿੰਦੇ ਹਨ ਕਿ ਇਹ ਤਰੀਕਾ, ਜੋ ਸਾਨੂੰ ਦੱਸਿਆ ਜਾਂਦਾ ਹੈ, ਪੇਸ਼ਾਵਰ ’ਚ ਵਰਤਿਆ ਗਿਆ ਹੈ। ਕਿਸ ਤਰ੍ਹਾਂ ਆਪਣੀ ਹੀ ਏਜੰਸੀ ਨੇ ਧਮਾਕਾ ਕਰਕੇ ਇਸ ਦਾ ਫ਼ਾਇਦਾ ਉਠਾਇਆ ਹੈ। ਫ਼ਾਇਦਾ ਇਹ ਹੈ ਕਿ ਚੋਣਾਂ ’ਚ ਦੇਰੀ ਹੋਣੀ ਹੈ। ਪਹਿਲਾਂ ਵੀ ਇਹ ਲੋਕ ਸੱਤਾ ’ਚ ਬੈਠੇ ਸਨ, ਪਹਿਲਾਂ ਵੀ ਕਰਦੇ ਰਹੇ ਹਨ।’’
ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸਟਾਫ਼ ਕਾਲਜ ’ਚ ਅਜਿਹੇ ਆਪਰੇਸ਼ਨ ਪੜ੍ਹਾਏ ਜਾਂਦੇ ਹਨ ਪਰ ਇਨ੍ਹਾਂ ਦੀ ਵਰਤੋਂ ਦੁਸ਼ਮਣ ਦੇਸ਼ ’ਤੇ ਕੀਤੀ ਜਾਂਦੀ ਹੈ। ਇਹ ਸਿਖਾਇਆ ਜਾਂਦਾ ਹੈ ਕਿ ਦੁਸ਼ਮਣ ਦੇਸ਼ ’ਚ ਅਜਿਹੇ ਆਪਰੇਸ਼ਨ ਕਰਕੇ ਸਿਆਸੀ ਲਾਹਾ ਕਿਵੇਂ ਲੈਣਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।