''ਬਲਾਤਕਾਰੀ ਨਾਲ ਵਿਆਹ'' ਦੇ ਨਵੇਂ ਕਾਨੂੰਨ ਕਾਰਨ ਇਸ ਦੇਸ਼ ''ਚ ਛਿੜੀ ਬਹਿਸ

01/23/2020 6:05:17 PM

ਅੰਕਾਰਾ- ਤੁਰਕੀ ਵਿਚ ਇਹਨੀਂ ਦਿਨੀਂ ਇਕ ਵਿਵਾਦਪੂਰਨ ਕਾਨੂੰਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਤੁਰਕੀ ਦੀ ਸੰਸਦ ਵਿਚ ਇਸ ਮਹੀਨੇ ਦੇ ਅਖੀਰ ਵਿਚ ਪੇਸ਼ ਹੋਣ ਵਾਲਾ ਇਹ ਬਿੱਲ 18 ਸਾਲ ਤੋਂ ਘੱਟ ਦੀ ਉਮਰ ਦੀਆਂ ਲੜਕੀਆਂ ਦੇ ਨਾਲ ਬਲਾਤਕਾਰ ਕਰਨ ਵਾਲੇ ਬਲਾਤਕਾਰੀਆਂ ਨਾਲ ਜੁੜਿਆ ਹੈ। ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕ ਹੁਣ ਤੋਂ ਸੜਕਾਂ 'ਤੇ ਉਤਰ ਚੁੱਕੇ ਹਨ।

ਕਥਿਤ 'ਮੈਰੀ ਯੋਰ ਰੇਪਿਸਟ' ਕਾਨੂੰਨ ਨੂੰ ਤੁਰਕੀ ਸੰਸਦ ਵਿਚ ਪਾਸ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਇਸ ਬਿੱਲ ਨੂੰ ਲੈ ਕੇ ਦੇਸ਼ ਵਿਚ ਮਹਿਲਾ ਅਧਿਕਾਰਾਂ ਦੇ ਪ੍ਰਚਾਰਕਾਂ ਵਿਚ ਬਹੁਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਨੂੰਨ ਤਹਿਤ ਜੇਕਰ ਕੋਈ ਅਪਰਾਧੀ ਰੇਪ ਪੀੜਤਾ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਬਰੀ ਕਰ ਦਿੱਤਾ ਜਾਵੇਗਾ। ਨਿੰਦਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਨਾ ਸਿਰਫ ਬਾਲ ਵਿਆਹ ਤੇ ਕਾਨੂੰਨੀ ਤੌਰ 'ਤੇ ਬਲਾਤਕਾਰ ਨੂੰ ਉਤਸ਼ਾਹਿਤ ਕਰੇਗਾ ਬਲਕਿ ਬੱਚਿਆਂ ਦੇ ਨਾਲ ਹੋਣ ਵਾਲੀ ਹਿੰਸਾ ਤੇ ਯੌਨ ਸ਼ੋਸ਼ਣ ਦੀਆਂ ਗਤੀਵਿਧੀਆਂ ਨੂੰ ਵੀ ਵਧਾਏਗਾ। ਵਿਰੋਧੀ ਪੀਪਲਸ ਡੈਮੋਕ੍ਰੇਟਿਕ ਪਾਰਟੀ ਵੀ ਸਰਕਾਰ ਦੇ ਇਸ ਅਨੈਤਿਕ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਸਾਲ 2016 ਵਿਚ ਪੇਸ਼ ਹੋਇਆ ਅਜਿਹਾ ਹੀ ਇਕ ਬਿੱਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਪਸ ਲੈਣਾ ਪਿਆ ਸੀ।

ਸੰਯੁਕਤ ਰਾਸ਼ਟਰ ਏਜੰਸੀਆਂ ਨੇ ਵੀ 'ਮੈਰੀ ਯੋਰ ਰੇਪਿਸਟ' ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਨਾਲ ਬਾਲ ਵਿਆਹ ਦੀ ਸਮੱਸਿਆ ਪੈਦਾ ਹੋਵੇਗੀ। ਨਾਲ ਹੀ ਪੀੜਤਾਂ ਨੂੰ ਆਪਣੇ ਹਮਲਾਵਰਾਂ ਤੋਂ ਵਧੇਰੇ ਤਸੀਹੇ ਤੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਮਿਡਲ ਈਸਟ ਸਣੇ ਪਾਕਿਸਤਾਨ, ਨਾਰਥ ਅਫਰੀਕਾ ਤੇ ਅਫਗਾਨਿਸਤਾਨ ਵਿਚ ਔਰਤਾਂ ਦੇ ਅਧਿਕਾਰਾਂ ਤੇ ਉਹਨਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਣ ਵਾਲੀ ਕਾਰਕੁੰਨ ਸਾਊਦ ਅਬੂ-ਦਯੇਹ ਨੇ ਵੀ ਇਸ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਰਾਜਨੇਤਾ ਖੁਦ ਇਕ ਅਜਿਹੇ ਬਿੱਲ ਦੀ ਪੈਰਵੀ ਕਰ ਰਹੇ ਹਨ ਜੋ ਮਹਿਲਾਵਾਂ ਦੇ ਨਾਲ ਦੁਰਵਿਵਹਾਰ ਕਰਨ ਵਾਲੇ ਅਪਰਾਧੀਆਂ ਨੂੰ ਮੁਆਫੀ ਦਿੰਦਾ ਹੈ।

ਤੁਰਕੀ ਵਿਚ ਲੜਕੀਆਂ ਦੇ ਵਿਆਹ ਲਈ ਜਿਥੇ 18 ਸਾਲ ਦੀ ਉਮਰ ਲੋੜੀਂਦੀ ਹੈ ਉਥੇ ਹੀ 2018 ਵਿਚ ਸਰਕਾਰ ਵਲੋਂ ਜਾਰੀ ਇਕ ਰਿਪੋਰਟ ਕਹਿੰਦੀ ਹੈ ਕਿ ਇਥੇ ਪਿਛਲੇ ਇਕ ਦਹਾਕੇ ਵਿਚ 4,82,908 ਬਾਲ ਵਿਆਹ ਦੇ ਮਾਮਲੇ ਸਾਹਮਣੇ ਆਏ ਹਨ। ਯੂ.ਐਨ. ਦੀ ਰਿਪੋਰਟ ਮੁਤਾਬਕ ਤੁਰਕੀ ਵਿਚ 38 ਫੀਸਦੀ ਔਰਤਾਂ ਤੇ ਲੜਕੀਆਂ ਆਪਣੇ ਹੀ ਪਾਰਟਨਰ ਦੇ ਹੱਥੋਂ ਸਰੀਰਕ ਸ਼ੋਸ਼ਣ ਤੇ ਯੌਨ ਹਿੰਸਾ ਦੀਆਂ ਸ਼ਿਕਾਰ ਹੋਈਆਂ ਹਨ। 'ਵੀ ਵਿੱਲ ਫੇਮਿਸਈਡ' ਨਾਂ ਦੇ ਸੰਗਠਨ ਦਾ ਕਹਿਣਾ ਹੈ ਕਿ ਸਾਲ 2017 ਵਿਚ ਤਕਰੀਬਨ 409 ਔਰਤਾਂ ਦੀ ਹੱਤਿਆ ਪਾਰਟਨਰ ਜਾਂ ਪਰਿਵਾਰ ਦੇ ਕਿਸੇ ਮੈਂਬਰ ਵਲੋਂ ਕੀਤੀ ਗਈ ਸੀ।


Baljit Singh

Content Editor

Related News