ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਦੀ ਲੈਣਗੇ ਜਗ੍ਹਾ
Monday, Mar 10, 2025 - 07:07 AM (IST)

ਇੰਟਰਨੈਸ਼ਨਲ ਡੈਸਕ : ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਹੈ। ਇਸ ਨਾਲ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਰਨੀ (59) ਨੇ ਲਿਬਰਲ ਪਾਰਟੀ ਲੀਡਰਸ਼ਿਪ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਪਾਰਟੀ ਮੈਂਬਰਾਂ ਦੀਆਂ 86 ਫ਼ੀਸਦੀ ਵੋਟਾਂ ਦਾ ਸਮਰਥਨ ਪ੍ਰਾਪਤ ਕੀਤਾ।
Thank you to all of our amazing candidates for an incredible race that brought Liberals across the country together. pic.twitter.com/uPuTxv2vyz
— Liberal Party (@liberal_party) March 9, 2025
ਮਾਰਕ ਕਾਰਨੀ, ਜਿਸ ਕੋਲ ਰਾਜਨੀਤੀ ਵਿੱਚ ਕੋਈ ਪਹਿਲਾਂ ਦਾ ਤਜਰਬਾ ਨਹੀਂ ਹੈ, ਨੇ ਦਲੀਲ ਦਿੱਤੀ ਕਿ ਉਸਦੀ ਮੁਹਾਰਤ ਅਤੇ ਤਜਰਬਾ ਉਸ ਨੂੰ ਪਾਰਟੀ ਦੇ ਪੁਨਰ-ਨਿਰਮਾਣ ਅਤੇ ਖਾਸ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਪਾਰਕ ਗੱਲਬਾਤ ਵਿੱਚ ਮਾਹਰ ਬਣਾ ਦੇਵੇਗਾ। ਟਰੰਪ ਨੇ ਕੈਨੇਡਾ ਨੂੰ ਵਾਧੂ ਟੈਰਿਫ ਦੀ ਧਮਕੀ ਦਿੱਤੀ ਹੈ ਜੋ ਕੈਨੇਡਾ ਦੀ ਬਰਾਮਦ-ਨਿਰਭਰ ਅਰਥਵਿਵਸਥਾ 'ਤੇ ਦਬਾਅ ਪਾ ਸਕਦੀ ਹੈ। ਕਾਰਨੀ ਦਾ ਮੰਨਣਾ ਹੈ ਕਿ ਉਸ ਦਾ ਅਨੁਭਵ ਅਤੇ ਹੁਨਰ ਉਸ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਸਭ ਤੋਂ ਅਨੁਕੂਲ ਬਣਾਉਂਦੇ ਹਨ।
ਕੈਨੇਡਾ 'ਚ ਇਹ ਪਹਿਲੀ ਵਾਰ ਹੈ ਜਦੋਂ ਰਾਜਨੀਤੀ ਦਾ ਕੋਈ ਤਜਰਬਾ ਨਾ ਰੱਖਣ ਵਾਲਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਿਹਾ ਹੈ। ਇਸ ਤੋਂ ਇਲਾਵਾ ਕਾਰਨੀ ਦਾਅਵਾ ਕਰਦਾ ਹੈ ਕਿ ਉਹ G7 ਦੇਸ਼ ਦੇ ਦੋ ਕੇਂਦਰੀ ਬੈਂਕਾਂ (ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ) ਦੇ ਗਵਰਨਰ ਵਜੋਂ ਸੇਵਾ ਕਰਨ ਵਾਲਾ ਪਹਿਲਾ ਵਿਅਕਤੀ ਹੈ ਅਤੇ ਉਸਦਾ ਤਜਰਬਾ ਟਰੰਪ ਵਰਗੇ ਵਿਸ਼ਵ ਨੇਤਾਵਾਂ ਨਾਲ ਵਪਾਰਕ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਦਦਗਾਰ ਹੋਵੇਗਾ।
ਇਹ ਵੀ ਪੜ੍ਹੋ : ਰਿਪੁਦਮਨ ਮਲਿਕ ਦੇ ਕਾਤਲ ਨੂੰ ਉਮਰ ਕੈਦ, 20 ਸਾਲ ਤੱਕ ਜ਼ਮਾਨਤ ਨਹੀਂ
ਕੌਣ ਹਨ ਮਾਰਕ ਕਾਰਨੀ?
ਮਾਰਕ ਕਾਰਨੀ ਦਾ ਜਨਮ 16 ਮਾਰਚ 1965 ਨੂੰ ਕੈਨੇਡਾ ਦੇ ਉੱਤਰ-ਪੱਛਮ ਵਿੱਚ ਸਥਿਤ ਫੋਰਟ ਸਮਿਥ ਵਿੱਚ ਹੋਇਆ ਸੀ। ਹਾਲਾਂਕਿ, ਉਨ੍ਹਾਂ ਦਾ ਮੁੱਢਲਾ ਜੀਵਨ ਐਡਮਿੰਟਨ, ਅਲਬਰਟਾ ਵਿੱਚ ਬੀਤਿਆ ਸੀ। ਮਾਰਕ ਦੇ ਮਾਤਾ-ਪਿਤਾ ਦੋਵੇਂ ਸਕੂਲ ਅਧਿਆਪਕ ਸਨ। ਅਜਿਹੇ ਵਿੱਚ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਵਧੀਆ ਸੀ। ਕਾਰਨੀ ਅਨੁਸਾਰ ਉਸਦੇ ਮਾਤਾ-ਪਿਤਾ ਨੇ ਉਸ ਵਿੱਚ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪੈਦਾ ਕੀਤੀ। ਮਾਰਕ ਕਾਰਨੀ ਨੇ 2004 ਵਿੱਚ ਕੈਨੇਡਾ ਦੇ ਵਿੱਤ ਵਿਭਾਗ ਵਿੱਚ ਵੀ ਕੰਮ ਕੀਤਾ। ਅਰਥਸ਼ਾਸਤਰ ਦੇ ਖੇਤਰ ਵਿੱਚ ਪ੍ਰਤਿਭਾ ਦਿਖਾਉਣ ਤੋਂ ਬਾਅਦ ਉਸ ਨੂੰ 2007 ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਸੀ।
2008 ਦੀ ਵਿਸ਼ਵ ਪੱਧਰੀ ਆਰਥਿਕ ਮੰਦੀ 'ਚ ਕੈਨੇਡਾ ਨੂੰ ਸੰਭਾਲਿਆ
ਕਿਹਾ ਜਾਂਦਾ ਹੈ ਕਿ 2007 ਦੇ ਅੰਤ ਵਿੱਚ ਜਦੋਂ ਦੁਨੀਆ ਭਰ ਵਿੱਚ ਆਰਥਿਕ ਉਥਲ-ਪੁਥਲ ਸ਼ੁਰੂ ਹੋਈ, ਮਾਰਕ ਕਾਰਨੀ ਉਸ ਸਮੇਂ ਆਉਣ ਵਾਲੇ ਖ਼ਤਰਿਆਂ ਤੋਂ ਜਾਣੂ ਸੀ। ਇਸ ਕਾਰਨ ਉਸ ਨੇ ਕੈਨੇਡਾ ਦੀ ਮੁਦਰਾ ਨੀਤੀ ਨੂੰ ਸਖ਼ਤ ਕਰਨਾ ਸ਼ੁਰੂ ਕਰ ਦਿੱਤਾ। ਕਾਰਨੀ ਨੇ 2008 ਵਿੱਚ ਕੈਨੇਡਾ ਦੇ ਕੇਂਦਰੀ ਬੈਂਕ ਦੀ ਅਗਵਾਈ ਕੀਤੀ, ਜਦੋਂ ਲੇਹਮੈਨ ਬ੍ਰਦਰਜ਼ ਦੁਆਰਾ ਦੀਵਾਲੀਆਪਨ ਦਾ ਐਲਾਨ ਕਰਨ ਤੋਂ ਬਾਅਦ ਸੰਸਾਰ ਮੰਦੀ ਵਿੱਚ ਡੁੱਬ ਗਿਆ। ਕੈਨੇਡਾ ਵਿੱਚ ਉਸਦੀ ਪ੍ਰਬੰਧਨ ਯੋਗਤਾ ਦੀ ਇੰਨੀ ਪ੍ਰਸ਼ੰਸਾ ਕੀਤੀ ਗਈ ਕਿ ਉਹ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣਨ ਤੱਕ ਕੈਨੇਡਾ ਦੇ ਗਵਰਨਰ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8