ਕੋਵਿਡ-19: ਅਮਰੀਕਾ ''ਚ ਨੈਸ਼ਨਲ ਗਾਰਡ ਦੇ ਕਈ ਮੈਂਬਰਾਂ ਨੇ ਟੀਕਾਕਰਨ ਤੋਂ ਕੀਤਾ ਇਨਕਾਰ
Wednesday, Jan 05, 2022 - 10:19 AM (IST)
ਆਸਟਿਨ (ਏ.ਪੀ.): ਅਮਰੀਕਾ ਵਿਚ ਟੈਕਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਗਾਰਡ ਦੇ ਹਜ਼ਾਰਾਂ ਮੈਂਬਰ ਕੋਵਿਡ-19 ਵਿਰੋਧੀ ਟੀਕੇ ਲੈਣ ਤੋਂ ਇਨਕਾਰ ਕਰ ਰਹੇ ਹਨ। ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਹ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਉਸ ਆਦੇਸ਼ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ, ਜਿਸ ਵਿੱਚ ਫ਼ੌਜ ਦੇ ਸਾਰੇ ਮੈਂਬਰਾਂ ਲਈ ਟੀਕਾਕਰਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।
ਓਕਲਾਹੋਮਾ ਦੇ ਗਵਰਨਰ ਦੀ ਅਜਿਹੀ ਚੁਣੌਤੀ ਨੂੰ ਇੱਕ ਸੰਘੀ ਜੱਜ ਵੱਲੋਂ ਖਾਰਜ ਕਰਨ ਦੇ ਇਕ ਹਫ਼ਤੇ ਬਾਅਦ ਪੈਕਸਟਨ ਨੇ ਮੰਗਲਵਾਰ ਨੂੰ ਮੁਕੱਦਮਾ ਦਾਇਰ ਕੀਤਾ। ਇਹ ਮੁਕੱਦਮਾ ਗਾਰਡ ਦੇ ਮੈਂਬਰਾਂ ਲਈ ਟੀਕੇ ਲਗਾਉਣ ਨੂੰ ਲਾਜ਼ਮੀ ਬਣਾਉਣ ਲਈ ਰਿਪਬਲਿਕਨ ਪਾਰਟੀ ਦੇ ਵੱਧ ਰਹੇ ਵਿਰੋਧ ਦੇ ਵਿਚਕਾਰ ਦਾਇਰ ਕੀਤਾ ਗਿਆ ਹੈ। ਨੈਸ਼ਨਲ ਗਾਰਡ ਦੇ ਟੈਕਸਾਸ ਵਿੱਚ 20,000 ਤੋਂ ਵੱਧ ਮੈਂਬਰ ਹਨ, ਜੋ ਕਿਸੇ ਵੀ ਰਾਜ ਵਿੱਚ ਤਾਇਨਾਤ ਸਭ ਤੋਂ ਵੱਡੀ ਟੁਕੜੀ ਹੈ। ਪੂਰਬੀ ਟੈਕਸਾਸ ਦੀ ਇੱਕ ਸੰਘੀ ਅਦਾਲਤ ਵਿੱਚ ਦਾਇਰ ਮੁਕੱਦਮੇ ਮੁਤਾਬਕ ਇਸਦੇ ਲਗਭਗ 40 ਪ੍ਰਤੀਸ਼ਤ ਆਰਮੀ ਨੈਸ਼ਨਲ ਗਾਰਡ ਮੈਂਬਰ ਧਾਰਮਿਕ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਕੋਵਿਡ-19 ਵਿਰੋਧੀ ਟੀਕੇ ਲੈਣ ਤੋਂ ਇਨਕਾਰ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਜਨਮੇ ਜੌੜੇ ਭੈਣ-ਭਰਾ 'ਚ ਇਕ ਸਾਲ ਦਾ ਅੰਤਰ, 20 ਲੱਖ ਮਾਮਲਿਆਂ 'ਚੋਂ ਇਕ ਮਾਮਲੇ 'ਚ ਹੁੰਦਾ ਹੈ ਅਜਿਹਾ
ਇਸ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਗਾਰਡ ਦੇ 200 ਤੋਂ ਵੱਧ ਏਅਰਮੈਨ ਵੀ ਟੀਕਾਕਰਨ ਤੋਂ ਇਨਕਾਰ ਕਰ ਰਹੇ ਹਨ। ਰੱਖਿਆ ਸਕੱਤਰ ਲੋਇਡ ਆਸਟਿਨ ਦੇ ਫ਼ੌਜ ਦੇ ਸਾਰੇ ਮੈਂਬਰਾਂ ਲਈ ਟੀਕੇ ਲਾਜ਼ਮੀ ਬਣਾਉਣ ਦੇ ਫ਼ੈਸਲੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਕਸਾਸ ਵਿਚ ਇਕ ਹੋਰ ਸੰਘੀ ਜੱਜ ਨੇ ਸੋਮਵਾਰ ਨੂੰ 35 ਨੇਵੀ ਮਲਾਹਾਂ ਦੇ ਖ਼ਿਲਾਫ਼ ਕਾਰਵਾਈ ਨੂੰ ਰੋਕਣ ਦਾ ਹੁਕਮ ਦਿੱਤਾ ਜੋ ਧਾਰਮਿਕ ਆਧਾਰ 'ਤੇ ਹੁਕਮ ਮੰਨਣ ਤੋਂ ਇਨਕਾਰ ਕਰ ਰਹੇ ਹਨ।
ਇੱਥੇ ਦੱਸ ਦਈਏ ਕਿ ਅਮਰੀਕਾ 'ਚ ਪਿਛਲੇ ਦੋ ਹਫ਼਼ਤਿਆਂ ਤੋਂ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਰੋਜ਼ਾਨਾ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਬਲੂਮਰਗ ਦੀ ਰਿਪੋਰਟ ਮੁਤਾਬਕ, ਸੋਮਵਾਰ ਨੂੰ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ 10 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ। ਇਸ ਤੋਂ ਪਹਿਲਾਂ ਇਕ ਦਿਨ ਦਾ ਰਿਕਾਰਡ ਲਗਭਗ 5,91,000 ਕੋਰੋਨਾ ਮਾਮਲਿਆਂ ਦਾ ਸੀ। ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦੇ ਨਵੇਂ ਅੰਕੜਿਆਂ ਮੁਤਾਬਕ, ਮੌਜੂਦਾ ਸਮੇਂ 'ਚ 1,03,000 ਤੋਂ ਜ਼ਿਆਦਾ ਲੋਕ ਕੋਵਿਡ-10 ਕਾਰਨ ਇਨਫੈਕਟਿਡ ਹੋਣ ਕਾਰਨ ਹਸਪਤਾਲ 'ਚ ਦਾਖਲ ਹਨ। ਪਿਛਲੇ ਚਾਰ ਮਹੀਨਿਆਂ 'ਚ ਹਸਪਤਾਲ 'ਚ ਦਾਖਲ ਹੋਣ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।