ਭੈਣ ਦੇ ਸਿਰ ''ਤੇ ਪਿਸਤੌਲ ਰੱਖ ਕੇ ਪੈਸੇ ਦੀ ਮੰਗ ਕਰਨ ਵਾਲਾ ਭਰਾ 30 ਮਹੀਨੇ ਲਈ ਸੀਖਾ ਪਿੱਛੇ

09/23/2017 3:48:01 AM

ਲੰਡਨ (ਰਾਜਵੀਰ ਸਮਰਾ)— ਲੈਸਟਰ ਕਰਾਊਨ ਕੋਰਟ 'ਚ ਚੱਲੇ ਪਿਸਤੌਲਬਾਜ਼ੀ ਤੇ ਧਮਕਾਉਣ ਦੇ ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਮਨਵੀਰ ਪਨੇਸਰ (22) ਐਰਸਕਿਨ ਸਟ੍ਰੀਟ, ਲੈਸਟਰ ਵਾਸੀ ਨੇ ਆਪਣੀ ਭੈਣ ਨੂੰ ਹਵਾਈ ਪਿਸਤੌਲ ਦਿਖਾ ਕੇ ਇਕ ਹਜਾਰ ਪੌਂਡ ਦੀ ਮੰਗ ਕੀਤੀ ਸੀ। ਉਸ ਦਿਨ ਮਨਵੀਰ ਨੇ ਪਹਿਲਾ ਤਾਂ ਆਪਣੇ ਪਿਤਾ ਤੋਂ ਪੈਸੇ ਮੰਗੇ ਤੇ ਉਸ ਨੂੰ ਧਮਕਾਇਆ। ਉਸਦਾ ਪਿਤਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸ ਨੂੰ ਹਸਪਤਾਲ ਲਿਜਾਉਣਾ ਪਿਆ, ਫਿਰ ਮਨਵੀਰ ਨੇ ਆਪਣੀ ਭੈਣ ਤੋਂ 1000 ਪੌਂਡ ਦੀ ਮੰਗ ਕੀਤੀ ਉਸ ਦੀ ਭੈਣ ਨੇ ਕਿਹਾ ਕੇ ਉਸ ਕੋਲ ਪੈਸੇ ਨਹੀਂ ਹਨ। ਗੁੱਸੇ ਵਿਚ ਆ ਕੇ ਮਨਵੀਰ ਫਿਰ ਅਲਮਾਰੀ 'ਚੋਂ ਇਕ ਹਵਾਈ ਪਿਸਤੌਲ ਕੱਢ ਲਿਆਇਆ ਤੇ ਆਪਣੀ ਭੈਣ ਵੱਲ ਪਿਸਤੌਲ ਦੀ ਨਲੀ ਕਰਕੇ ਉਸ ਨੇ ਇਕ ਹਜ਼ਾਰ ਪੌਂਡ ਮੰਗੇ ਤੇ ਕਿਹਾ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਤੂੰ ਹੀ ਜ਼ਿੰਮੇਵਾਰ ਹੋਵੇਗੀ। ਡਰਦੀ ਮਾਰੀ ਉਸ ਦੀ ਭੈਣ ਨੇ ਬੈਂਕ 'ਚੋਂ 150 ਪੌਂਡ ਕਢਵਾ ਕੇ ਮਨਵੀਰ ਨੂੰ ਦੇ ਦਿੱਤੇ ਪਰ ਭੈਣ ਨੇ ਆਪਣੇ ਦੂਜੇ ਭਰਾ ਨੂੰ ਮਨਵੀਰ ਦੀ ਕਰਤੂਤ ਵੀ ਸੁਣਾ ਦਿੱਤੀ। ਦੂਜੇ ਭਰਾ ਨੇ ਪੁਲਸ ਨੂੰ ਬਿਆਨ ਦੇ ਕੇ ਮਨਵੀਰ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅਦਾਲਤ ਨੇ ਮਨਵੀਰ ਨੂੰ 30 ਮਹੀਨੇ ਲਈ ਕੈਦ ਦੀ ਸਜ਼ਾ ਸੁਣਾਈ ਹੈ।


Related News