ਮਨਦੀਪ ਸਿੰਘ ਸਿਰ ਸਜਿਆ ਸਕਾਟਿਸ਼ ਅਪ੍ਰੈਂਟਿਸਸ਼ਿਪ ਐਵਾਰਡ 2024 ਦਾ ਜੇਤੂ ਤਾਜ

Sunday, Mar 10, 2024 - 12:15 AM (IST)

ਮਨਦੀਪ ਸਿੰਘ ਸਿਰ ਸਜਿਆ ਸਕਾਟਿਸ਼ ਅਪ੍ਰੈਂਟਿਸਸ਼ਿਪ ਐਵਾਰਡ 2024 ਦਾ ਜੇਤੂ ਤਾਜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਜਲਵਾਯੂ ਤਬਦੀਲੀ ਦਿਨੋਂ ਦਿਨ ਆਪਣਾ ਰੰਗ ਦਿਖਾ ਰਹੀ ਹੈ। ਪ੍ਰਦੂਸ਼ਣ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਮਾਨਵਤਾ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ। ਵਿਸ਼ਵ ਭਰ ਵਿੱਚ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਅਧੀਨ ਹੀ ਸੌਰ ਊਰਜਾ, ਪੌਣ ਊਰਜਾ ਆਦਿ ਵੱਲ ਕਦਮ ਵਧਾਏ ਜਾ ਰਹੇ ਹਨ। ਪੜ੍ਹਾਈ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ "ਸਕਿੱਲ ਡਿਵੈਲਪਮੈਂਟ ਸਕਾਟਲੈਂਡ" ਵੱਲੋਂ ਨੌਜਵਾਨਾਂ ਨੂੰ ਅਜਿਹੇ ਉਸਾਰੂ ਕਾਰਜਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਜਿਸ ਨਾਲ ਨੈੱਟ ਜ਼ੀਰੋ ਐਮੀਸ਼ਨ ਤੱਕ ਪਹੁੰਚਿਆ ਜਾ ਸਕੇ। ਨੌਜਵਾਨਾਂ ਦੀ ਪ੍ਰਤਿਭਾ ਨੂੰ ਪਛਾਨਣ, ਸਨਮਾਨਣ ਤੇ ਉਹਨਾਂ ਕੋਲੋਂ ਹੋਰ ਵਧੇਰੇ ਯੋਗਦਾਨ ਪਵਾਉਣ ਲਈ ਸਕਾਟਿਸ਼ ਅਪ੍ਰੈਂਟਿਸਸ਼ਿਪ ਅਵਾਰਡ 2024 ਦਾ ਆਯੋਜਨ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਬਾਈਡੇਨ ਦਾ ਤਿੱਖਾ ਹਮਲਾ; ਅਮਰੀਕਾ ਅਤੇ ਦੁਨੀਆ ਭਰ ’ਚ ਲੋਕਤੰਤਰ ਨੂੰ ਖ਼ਤਰੇ ਵਿਚ ਪਾ ਦੇਣਗੇ ਡੋਨਾਲਡ ਟਰੰਪ

ਸਪੋਰਟਿੰਗ ਨੈੱਟ ਜ਼ੀਰੋ ਅਪ੍ਰੈਂਟਿਸ ਆਫ ਦਿ ਈਅਰ ਸ਼੍ਰੇਣੀ ਵਿੱਚ ਇਸ ਸਾਲ ਦੇ ਸਕਾਟਿਸ਼ ਅਪ੍ਰੈਂਟਿਸਸ਼ਿਪ ਅਵਾਰਡਾਂ ਵਿੱਚ ਆਖਰੀ ਤਿੰਨ ਮੁਕਾਬਲੇਬਾਜ਼ਾਂ ਵਿੱਚ ਪੰਜਾਬੀ ਸਿੱਖ ਨੌਜਵਾਨ ਮਨਦੀਪ ਸਿੰਘ "ਸੰਨੀ" ਨੇ ਵੀ ਥਾਂ ਬਣਾਈ ਸੀ। ਫਾਈਨਲ ਮੁਕਾਬਲੇ ਵਿੱਚ ਜੇਤੂ ਸਿਹਰਾ ਮਨਦੀਪ ਸਿੰਘ ਦੇ ਸਿਰ ਸਜਿਆ ਹੈ। 20 ਸਾਲਾ ਮਨਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਕਾਟਲੈਂਡ ਦਾ ਪੰਜਾਬੀ ਭਾਈਚਾਰਾ ਫਖ਼ਰ ਮਹਿਸੂਸ ਕਰ ਰਿਹਾ ਹੈ। ਅੰਮ੍ਰਿਤਸਰ ਦੇ ਲਾਗਲੇ ਪਿੰਡ ਇੱਬਣ ਕਲਾਂ ਤੋਂ ਸਕਾਟਲੈਂਡ ਆ ਵਸੇ ਹਰਪਾਲ ਸਿੰਘ ਤੇ ਬਲਵਿੰਦਰ ਕੌਰ ਦਾ ਸਪੁੱਤਰ ਮਨਦੀਪ ਸਿੰਘ ਆਪਣੇ ਮਾਂ-ਬਾਪ ਤੇ ਦਾਦਾ ਸੁੱਚਾ ਸਿੰਘ ਵਾਂਗ ਧਾਰਮਿਕ ਵਿਚਾਰਾਂ ਨਾਲ ਓਤ-ਪੋਤ ਹੈ। ਮਨਦੀਪ ਸਿੰਘ ਇਸ ਵੇਲੇ ਮਾਡਰਨ ਅਪ੍ਰੈਂਟਿਸਸ਼ਿਪ ਇਨ ਇਲੈਕਟ੍ਰੀਕਲ ਇੰਸਟਾਲੇਸ਼ਨ ਦੇ ਦੂਜੇ ਸਾਲ ਵਿੱਚ ਹੈ। ਐੱਫ. ਈ. ਐੱਸ. ਗਰੁੱਪ ਨਾਲ ਕੰਮ ਕਰਦਿਆਂ ਉਹ ਸਕਾਟਲੈਂਡ ਭਰ ਵਿੱਚ ਸੋਲਰ ਫਾਰਮਾਂ ਤੇ ਡਿਸਟ੍ਰਿਕਟ ਹੀਟਿੰਗ ਪ੍ਰਾਜੈਕਟਸ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਇਸ ਵੱਕਾਰੀ ਸਨਮਾਨ ਦਾ ਜੇਤੂ ਬਣਨ ਪਿੱਛੇ ਇਹ ਵੀ ਵਜ੍ਹਾ ਹੈ ਕਿ ਮਨਦੀਪ ਸਿੰਘ ਆਪਣੇ ਕੰਮਾਂ ਦੌਰਾਨ ਸਾਲ ਵਿੱਚ 1000 ਟਨ ਕਾਰਬਨਡਾਈਆਕਸਾਈਡ ਐਮੀਸ਼ਨ ਘੱਟ ਕਰਨ ਵਿੱਚ ਸਫ਼ਲਤਾ ਹਾਸਲ ਕਰ ਚੁੱਕਾ ਹੈ। ਇਕ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਦੇ ਪਿਤਾ ਹਰਪਾਲ ਸਿੰਘ ਇੱਬਣ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਨੇ ਪਰਿਵਾਰ ਦਾ ਹੀ ਨਹੀਂ ਸਗੋਂ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। 

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News