ਖਾਸ ਸਹੂਲਤਾਂ ਵਾਲਾ ਸਵੀਮਿੰਗ ਪੂਲ ਬਣਿਆ ਚਰਚਾ ਦਾ ਵਿਸ਼ਾ, ਹਰ ਕੋਈ ਕਰਦੈ ਸਿਫਤਾਂ
Wednesday, Jul 19, 2017 - 03:43 PM (IST)

ਅਲਬਰਟਾ— ਗਰਮੀਆਂ ਦੇ ਮੌਸਮ 'ਚ ਲੋਕ ਕਈ ਵਾਰ ਪਹਾੜੀ ਇਲਾਕਿਆਂ 'ਚ ਘੁੰਮਣ ਜਾਂਦੇ ਹਨ ਜਾਂ ਫਿਰ ਵਾਟਰ ਪਾਰਕ ਵੱਲ। ਕਈ ਲੋਕ ਤਾਂ ਅਜਿਹੇ ਵੀ ਹੁੰਦੇ ਨੇ ਜੋ ਕਿ ਕਲੱਬ 'ਚ ਸਵੀਮਿੰਗ ਪੂਲ 'ਚ ਮਜ਼ੇ ਲੈਣ ਲਈ ਪ੍ਰਤੀ ਘੰਟੇ ਦੀ ਵੱਡੀ ਕੀਮਤ ਖਰਚ ਕਰਦੇ ਹਨ ਪਰ ਇਸ ਕੈਨੇਡੀਅਨ ਨੂੰ ਤੁਸੀਂ ਵੀ ਸਮਝਦਾਰ ਕਹੋਗੇ, ਜਿਸ ਨੇ ਆਪਣਾ ਹਰ ਸਾਲ ਦਾ ਵੱਡਾ ਖਰਚਾ ਬਚਾਅ ਲਿਆ ਹੈ। ਇਸ ਵਿਅਕਤੀ ਨੇ ਆਪਣੇ ਫਾਰਮ ਹਾਊਸ ਦੇ ਵਿਹੜੇ 'ਚ ਹੀ ਸਵੀਮਿੰਗ ਪੂਲ ਬਣਾ ਲਿਆ। ਇਸ ਦਾ ਨਿਰਮਾਣ ਜਿਸ ਤਰ੍ਹਾਂ ਕੀਤਾ ਗਿਆ, ਉਹ ਕਾਬਿਲ-ਏ-ਤਾਰੀਫ ਹੈ। ਇਸ ਵਿਅਕਤੀ ਦਾ ਨਾਂ ਜੇਰੀ ਲਿਊਇਸੰਸਕ ਹੈ।
ਅਲਬਰਟਾ 'ਚ ਰਹਿਣ ਵਾਲੇ ਜੇਰੀ ਨੇ ਆਪਣੇ ਵਿਹੜੇ 'ਚ ਇੰਨਾ ਵੱਡਾ ਸਵੀਮਿੰਗ ਪੂਲ ਬਣਾਇਆ ਕਿ ਜਿਸ 'ਚ ਤਕਰੀਬਨ 12 ਲੱਖ ਲੀਟਰ ਪਾਣੀ ਆ ਸਕਦਾ ਹੈ। ਇਹ 14 ਫੁੱਟ ਡੂੰਘਾ ਸਵੀਮਿੰਗ ਪੂਲ ਉਸ ਨੇ ਆਪਣੇ ਪਰਿਵਾਰ ਲਈ ਬਣਾਇਆ ਹੈ। ਜੇਰੀ ਨੇ ਇਸ ਪੂਲ ਨੂੰ ਬਣਾਉਣ ਦੀ ਸ਼ੁਰੂਆਤ 2013 'ਚ ਕੀਤੀ ਸੀ ਤੇ ਹੁਣ ਇਹ ਪੂਰੀ ਤਿਆਰ ਹੋ ਗਿਆ ਹੈ। ਇਸ 'ਚ ਇਕ ਇਸ ਤਰ੍ਹਾਂ ਦੀ ਸਤ੍ਹਾ ਬਣਾਈ ਗਈ ਹੈ ਜੋ ਕਿ ਬੱਚਿਆਂ ਨੂੰ ਡੁੱਬਣ ਤੋਂ ਬਚਾਅ ਰੱਖਦੀ ਹੈ। ਜੇਰੀ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਾਣ ਕਰਨ ਵਾਲੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਉਸ ਦੀ ਮਦਦ ਨਾਲ ਇਹ ਖਾਸ ਸੁਵਿਧਾ ਵਾਲਾ ਪੂਲ ਬਣ ਸਕਿਆ ਹੈ। ਇਸ ਦੇ ਚਾਰੇ ਪਾਸਿਆਂ 'ਤੇ ਛੋਟੇ-ਵੱਡੇ ਪੱਥਰ ਲਗਾਏ ਗਏ ਹਨ ਤਾਂ ਕਿ ਕੋਈ ਕੀੜਾ ਵੀ ਪੂਲ 'ਚ ਨਾ ਜਾਵੇ ਅਤੇ ਇਕ ਪਾਸੇ ਲੱਗਾ ਘਾਹ ਵੀ ਗਿੱਲਾ ਨਾ ਹੋਵੇ। ਇਸ ਨੂੰ ਬਣਾਉਣ ਲਈ 15 ਹਜ਼ਾਰ ਡਾਲਰਾਂ ਦਾ ਖਰਚਾ ਆ ਚੁੱਕਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਕਿਸੇ ਮਹਿੰਗੇ ਹੋਟਲ ਦਾ ਸਵੀਮਿੰਗ ਪੂਲ ਹੋਵੇ। ਲੋਕਾਂ ਨੂੰ ਇਹ ਖਾਸ ਤਰੀਕੇ ਦਾ ਸਵੀਮਿੰਗ ਬਹੁਤ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ਦੀਆਂ ਸਿਫਤਾਂ ਕਰਦਾ ਹੈ।