ਆਸਟ੍ਰੇਲੀਆ ''ਚ ਜ਼ਖਮੀ ਹੋਏ ਵਿਅਕਤੀ ਨੇ ਤੋੜਿਆ ਦਮ

03/10/2019 3:27:38 PM

ਬ੍ਰਿਸਬੇਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਕਿਸੇ ਅਣਪਛਾਤੇ ਹਮਲਾਵਰ ਨੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ ਸਵੇਰੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਵਿਅਕਤੀ ਨੂੰ ਕਿਸ ਨੇ ਜ਼ਖਮੀ ਕੀਤਾ ਅਤੇ ਕੌਣ ਉਸ ਨੂੰ ਹਸਪਤਾਲ ਛੱਡ ਕੇ ਗਿਆ। ਜਾਣਕਾਰੀ ਮੁਤਾਬਕ 42 ਸਾਲਾ ਵਿਅਕਤੀ ਵਿਸ਼ਾਰਟ ਇਲਾਕੇ 'ਚ ਰਹਿੰਦਾ ਸੀ । ਇੱਥੋਂ ਮਿਲੀ ਉਸ ਦੀ ਕਾਲੀ ਗੱਡੀ ਨੂੰ ਪੁਲਸ ਜਾਂਚ ਕਰਨ ਲਈ ਲੈ ਗਈ ਹੈ।

PunjabKesari

ਪੁਲਸ ਵਲੋਂ ਵਿਅਕਤੀ ਦੀ ਰਿਹਾਇਸ਼ ਵਾਲੇ ਇਲਾਕੇ 'ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਤੋਂ ਇਸ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ। ਮਾਮਲੇ ਨੂੰ ਸੁਲਝਾਉਣ ਲਈ ਵਿਸ਼ਾਰਟ ਦੇ ਜਾਂਚ ਅਧਿਕਾਰੀ, ਸਟੇਟ ਐਮਰਜੈਂਸੀ ਸਰਵਿਸ ਅਤੇ ਫੌਰੈਂਸਿਕ ਅਧਿਕਾਰੀਆਂ ਵਲੋਂ ਕਤਲ ਲਈ ਵਰਤੇ ਗਏ ਹਥਿਆਰ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਲੱਗ ਰਿਹਾ ਹੈ ਕਿ ਸ਼ਨੀਵਾਰ ਰਾਤ ਨੂੰ 10.30 ਵਜੇ ਵਿਅਕਤੀ ਨੂੰ ਕਾਰ ਰਾਹੀਂ ਲਿਆ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਦੇ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਗੁਆਂਢੀਆਂ ਨੇ ਦੱਸਿਆ ਕਿ ਇਸ ਇਲਾਕੇ 'ਚ ਕਈ ਵਾਰ ਪੁਲਸ ਵਾਲੇ ਆਉਂਦੇ ਰਹਿੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਿਵੇਂ ਹੀ ਕੋਈ ਜਾਣਕਾਰੀ ਮਿਲੇਗੀ ਤਾਂ ਉਹ ਮੀਡੀਆ ਨਾਲ ਸਾਂਝੀ ਕਰਨਗੇ।


Related News