''ਇਹ ਅੱਲ੍ਹਾ ਦਾ ਹੁਕਮ ਸੀ'', ਸਿਰਫਿਰੇ ਨੇ ਤਿੰਨ ਔਰਤਾਂ ਨੂੰ ਮਾਰਿਆ ਚਾਕੂ

Tuesday, Jul 28, 2026 - 02:25 AM (IST)

''ਇਹ ਅੱਲ੍ਹਾ ਦਾ ਹੁਕਮ ਸੀ'', ਸਿਰਫਿਰੇ ਨੇ ਤਿੰਨ ਔਰਤਾਂ ਨੂੰ ਮਾਰਿਆ ਚਾਕੂ

ਪੇਰਿਸ : ਫਰਾਂਸ ਦੀ ਰਾਜਧਾਨੀ ਪੇਰਿਸ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿੱਥੇ 'ਪੋਰਟ ਡੀ ਕਲੀਚੀ' ਇਲਾਕੇ ਵਿੱਚ ਇੱਕ ਵਿਅਕਤੀ ਨੇ ਤਿੰਨ ਔਰਤਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉੱਥੇ ਮੌਜੂਦ ਆਮ ਨਾਗਰਿਕਾਂ ਅਤੇ ਛੁੱਟੀ 'ਤੇ ਚੱਲ ਰਹੇ ਇੱਕ ਪੁਲਸ ਅਧਿਕਾਰੀ ਨੇ ਬਹਾਦਰੀ ਦਿਖਾਉਂਦੇ ਹੋਏ ਹਮਲਾਵਰ ਨੂੰ ਮੌਕੇ 'ਤੇ ਹੀ ਦਬੋਚ ਲਿਆ।

ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੁਨੇਜ਼ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਮਲੇ ਵਿੱਚ 19, 24 ਅਤੇ 36 ਸਾਲ ਦੀਆਂ ਤਿੰਨ ਔਰਤਾਂ ਜ਼ਖਮੀ ਹੋਈਆਂ ਹਨ। ਇਨ੍ਹਾਂ ਵਿੱਚੋਂ ਦੋ ਔਰਤਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਪੇਰਿਸ ਪੁਲਸ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹਮਲੇ ਦੀ ਅਸਲ ਵਜ੍ਹਾ ਦਾ ਪਤਾ ਲਗਾਇਆ ਜਾ ਸਕੇ।

ਕਾਬੂ ਕੀਤੇ ਜਾਣ ਤੋਂ ਬਾਅਦ ਹਮਲਾਵਰ ਫਰਾਂਸੀਸੀ ਭਾਸ਼ਾ ਵਿੱਚ ਚੀਕ ਰਿਹਾ ਸੀ। ਉਸ ਨੇ ਦਾਅਵਾ ਕੀਤਾ, "ਇਹ ਅੱਲ੍ਹਾ ਦਾ ਹੁਕਮ ਸੀ, ਜਿਸ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ"। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੈਕਸੂਟ ਪਹਿਨੇ ਹਮਲਾਵਰ ਨੂੰ ਸਥਾਨਕ ਲੋਕਾਂ ਨੇ ਜ਼ਮੀਨ 'ਤੇ ਸੁੱਟ ਕੇ ਕਾਬੂ ਕੀਤਾ ਹੋਇਆ ਹੈ ਅਤੇ ਕੋਲ ਹੀ ਦੋ ਚਾਕੂ ਪਏ ਦਿਖਾਈ ਦੇ ਰਹੇ ਹਨ।

ਘਟਨਾ ਦੀ ਵੀਡੀਓ ਬਣਾਉਣ ਵਾਲੇ ਮੁਹੰਮਦ-ਅਲੀ ਬੋਹਾਜਰ ਨੇ ਦੱਸਿਆ ਕਿ ਜਦੋਂ ਉਸਨੇ ਹਮਲਾਵਰ ਨੂੰ ਇੱਕ ਔਰਤ ਦੀ ਪਿੱਠ ਵਿੱਚ ਚਾਕੂ ਮਾਰਦੇ ਦੇਖਿਆ, ਤਾਂ ਉਸਨੇ ਮਦਦ ਲਈ ਰੌਲਾ ਪਾਇਆ। ਕਈ ਲੋਕ ਮਦਦ ਲਈ ਅੱਗੇ ਆਏ। ਇੱਕ ਵਿਅਕਤੀ ਨੇ ਹਮਲਾਵਰ 'ਤੇ ਸੂਟਕੇਸ ਸੁੱਟ ਕੇ ਮਾਰਿਆ, ਜਿਸ ਨਾਲ ਉਸ ਦੇ ਹੱਥੋਂ ਚਾਕੂ ਡਿੱਗ ਗਏ। ਉਸੇ ਪਲ ਲੋਕਾਂ ਨੇ ਉਸ ਦੀਆਂ ਲੱਤਾਂ ਮਾਰ ਕੇ ਸੰਤੁਲਨ ਵਿਗਾੜਿਆ ਅਤੇ ਉਸ ਨੂੰ ਜ਼ਮੀਨ 'ਤੇ ਪਟਕ ਲਿਆ। ਮੌਕੇ 'ਤੇ ਮੌਜੂਦ ਇੱਕ ਆਫ-ਡਿਊਟੀ ਪੁਲਿਸ ਅਧਿਕਾਰੀ ਨੇ ਤੁਰੰਤ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ।


author

Inder Prajapati

Content Editor

Related News